ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਨੇ 2036 ਓਲੰਪਿਕਸ ਦੀ ਮੇਜ਼ਬਾਨੀ ਲਈ ਦਾਅਵਾਦਾਰੀ ਪੇਸ਼ ਕੀਤੀ ਹੈ, ਜਿਸਨੂੰ ਧਿਆਨ ਵਿਚ ਰੱਖਦੇ ਹੋਏ ਗੁਜਰਾਤ ਸਰਕਾਰ ਅਹਿਮਦਾਬਾਦ ‘ਚ ਇੱਕ ਵੱਡਾ ਖੇਡ ਕੰਪਲੈਕਸ ਬਣਾਉਣ ਦੀ ਤਿਆਰੀ ਕਰ ਰਹੀ ਹੈ। ਇਹ ਕੰਪਲੈਕਸ ਨਰਿੰਦਰ ਮੋਦੀ ਸਟੇਡਿਅਮ ਦੇ ਨੇੜੇ ਬਣਾਇਆ ਜਾ ਰਿਹਾ ਹੈ, ਜਿਸ ਲਈ 650 ਏਕੜ ਜ਼ਮੀਨ ਦੀ ਲੋੜ ਪੈ ਰਹੀ ਹੈ।ਇਸੇ ਤਹਿਤ, ਸਰਕਾਰ ਆਸਾਰਾਮ ਆਸ਼ਰਮ ਸਮੇਤ ਤਿੰਨ ਆਸ਼ਰਮਾਂ ਦੀ ਜ਼ਮੀਨ ਹਥਿਆਉਣ ਦੀ ਯੋਜਨਾ ਬਣਾਈ ਰਹੀ ਹੈ। ਇਨ੍ਹਾਂ ਆਸ਼ਰਮਾਂ ‘ਤੇ ਪਿਛਲੇ ਕੁਝ ਸਾਲਾਂ ਤੋਂ ਸਰਕਾਰੀ ਜ਼ਮੀਨ ‘ਤੇ ਗੈਰਕਾਨੂੰਨੀ ਕਬਜ਼ੇ ਦੇ ਦੋਸ਼ ਲੱਗਦੇ ਆਏ ਹਨ। ਹੁਣ, ਇੱਕ ਪੰਜ ਮੈਂਬਰੀ ਕਮੇਟੀ ਆਸ਼ਰਮ ਪ੍ਰਬੰਧਕਾਂ ਨਾਲ ਗੱਲਬਾਤ ਕਰ ਰਹੀ ਹੈ, ਤਾਂ ਜੋ ਇਹ ਜ਼ਮੀਨ ਖੇਡ ਪ੍ਰੋਜੈਕਟ ਲਈ ਲਈ ਜਾ ਸਕੇ।
ਆਸਾਰਾਮ ਆਸ਼ਰਮ ਦੇ ਬੁਲਾਰੇ ਨੀਲਮ ਦੁਬੇ ਨੇ ਕਿਹਾ ਕਿ ਸਰਕਾਰ ਵਲੋਂ ਪੁੱਛਗਿੱਛ ਹੋਣ ‘ਤੇ ਉਨ੍ਹਾਂ ਨੇ ਜ਼ਮੀਨ ਦੇ ਦਸਤਾਵੇਜ਼ ਪੇਸ਼ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਮਾਮਲਾ ਹਾਈਕੋਰਟ ‘ਚ ਚੱਲ ਰਿਹਾ ਹੈ, ਇਸ ਲਈ ਉਨ੍ਹਾਂ ਵਲੋਂ ਹੁਣ ਕੁਝ ਵੀ ਕਹਿਣਾ ਠੀਕ ਨਹੀਂ।ਦੂਜੇ ਪਾਸੇ, ਭਾਰਤ ਨੇ 2036 ਓਲੰਪਿਕਸ ਦੀ ਮੇਜ਼ਬਾਨੀ ਲਈ ਆਪਣੇ ਪੂਰੇ ਯਤਨ ਸ਼ੁਰੂ ਕਰ ਦਿੱਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿਹਰਾਦੂਨ ‘ਚ ਰਾਸ਼ਟਰੀ ਖੇਡਾਂ ਦੀ ਉਦਘਾਟਨੀ ਸਮਾਰੋਹ ਦੌਰਾਨ ਘੋਸ਼ਣਾ ਕੀਤੀ ਕਿ ਭਾਰਤ ਇਹ ਓਲੰਪਿਕਸ ਕਰਵਾਉਣ ਲਈ ਪੂਰੀ ਤਿਆਰੀ ਕਰ ਚੁੱਕਾ ਹੈ। ਭਾਰਤੀ ਓਲੰਪਿਕ ਸੰਘ (IOA) ਨੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਨੂੰ ਆਪਣੀ ਦਿਲਚਸਪੀ ਦੱਸਦੇ ਹੋਏ ਇੱਕ ਆਧਿਕਾਰਕ ਪੱਤਰ ਭੇਜ ਦਿੱਤਾ ਹੈ।
2036 ਓਲੰਪਿਕਸ ਦੀ ਮੇਜ਼ਬਾਨੀ ਲਈ ਹੁਣ ਤੱਕ 10 ਸ਼ਹਿਰ ਦਾਅਵਾਦਾਰ ਹਨ। 2028 ਓਲੰਪਿਕਸ ਲੌਸ ਐਂਜਲਸ (ਅਮਰੀਕਾ) ਤੇ 2032 ਓਲੰਪਿਕਸ ਬ੍ਰਿਸਬੇਨ (ਆਸਟ੍ਰੇਲੀਆ) ‘ਚ ਹੋਣਗੇ।