ਸ੍ਰੀ ਹਰਿਮੰਦਰ ਸਾਹਿਬ ਪੁੱਜੇ ‘ਗੋਲਡਨ ਸਟਾਰ’ ਮਲਕੀਤ ਸਿੰਘ, ਕਿਹਾ-ਗੁਰੂ ਘਰ ‘ਚ VIP ਬਣ ਕੇ ਨਹੀਂ, ਸਗੋਂ…

ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਅਤੇ ‘ਗੋਲਡਨ ਸਟਾਰ’ ਮਲਕੀਤ ਸਿੰਘ ਨੇ ਗੁਰੂ ਘਰ ਵਿਖੇ ਮੱਥਾ ਟੇਕ ਕੇ ਜਿੱਥੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ, ਉਥੇ ਹੀ ਉਨ੍ਹਾਂ ਨੇ ਕੁਝ ਸਮਾਂ ਸੱਚਖੰਡ ਵਿਖੇ ਬੈਠ ਇਲਾਹੀ ਬਾਣੀ ਦਾ ਕੀਰਤਨ ਵੀ ਸੁਣਿਆ। ਗੁਰਦੁਆਰਾ ਸਾਹਿਬ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਉਣ ਉਪਰੰਤ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਗਾਇਕ ਮਲਕੀਤ ਸਿੰਘ ਨੇ ਕਿਹਾ ਕਿ ਇਸ ਰੂਹਾਨੀਅਤ ਦੇ ਕੇਂਦਰ ਵਿਖੇ ਆ ਕੇ ਮਨ ਨੂੰ ਇੱਕ ਵੱਖਰਾ ਹੀ ਅਨੁਭਵ ਪ੍ਰਾਪਤ ਹੁੰਦਾ ਹੈ, ਜਿਹੜਾ ਸ਼ਾਇਦ ਹੀ ਕਿਸੇ ਹੋਰ ਥਾਂ ’ਤੇ ਜਾ ਕੇ ਹੋਵੇ।

ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰੂ ਘਰ ਆਉਣ ਵਾਲੇ ਸਾਰੇ ਕਲਾਕਾਰਾਂ ਅਤੇ ਲੋਕਾਂ ਨੂੰ ਖਾਸ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਜਦੋਂ ਵੀ ਪੰਜਾਬ ਆਉਂਦੇ ਹਨ, ਤਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਜ਼ਰੂਰ ਭਰਦੇ ਹਨ। ਗੱਲਬਾਤ ਦੌਰਾਨ ਮਲਕੀਤ ਸਿੰਘ ਨੇ ਵੀ.ਆਈ.ਪੀ. ਸੱਭਿਆਚਾਰ ਅਤੇ ਕਲਾਕਾਰਾਂ ਨੂੰ ਨਿਮਰਤਾ ਦਾ ਪੱਲਾ ਫੜਨ ਦੀ ਨਸੀਹਤ ਦਿੱਤੀ। ਗੁਰੂ ਘਰ ਵਿੱਚ ਹਮੇਸ਼ਾ ਇੱਕ ਨਿਮਾਣੇ ਸਿੱਖ ਵਜੋਂ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ, “ਮੈਂ ਕਈ ਵਾਰ ਦੇਖਦਾ ਹਾਂ ਕਿ ਲੋਕ ਦਰਬਾਰ ਸਾਹਿਬ ਦੇ ਅੰਦਰ ਵੀ ਕਾਲੀਆਂ ਐਨਕਾਂ ਲਗਾ ਕੇ ਘੁੰਮਦੇ ਹਨ, ਜੋ ਕਿ ਸਹੀ ਨਹੀਂ ਹੈ। ਇੱਥੇ ਝੁਕ ਕੇ ਆਉਣ ਵਾਲਾ ਹੀ ਕੁਝ ਪ੍ਰਾਪਤ ਕਰਦਾ ਹੈ।” 

ਉਨ੍ਹਾਂ ਦੱਸਿਆ ਕਿ ਉਹ ਕਦੇ ਵੀ ਗੁਰੂ ਘਰ ਵਿੱਚ ਬਾਊਂਸਰਾਂ ਜਾਂ ਸੁਰੱਖਿਆ ਕਰਮੀਆਂ ਦੇ ਘੇਰੇ ਵਿੱਚ ਆਉਣਾ ਪਸੰਦ ਨਹੀਂ ਕਰਦੇ। ਪੰਜਾਬੀ ਸਿਨੇਮਾ ਅਤੇ ਸੰਗੀਤ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਫ਼ਿਲਮਾਂ ਨੇ ਅੱਜ ਬਾਲੀਵੁੱਡ ਦੇ ਬਰਾਬਰ ਮਿਆਰ ਸਥਾਪਿਤ ਕਰ ਲਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਵਿਸਾਖੀ ਦੇ ਨੇੜੇ ਆਪਣੀ ਨਵੀਂ ਪੰਜਾਬੀ ਫ਼ਿਲਮ ਲੈ ਕੇ ਆ ਰਹੇ ਹਨ, ਜਿਸ ਦੀ ਸ਼ੂਟਿੰਗ ਲੰਡਨ, ਨਿਊਯਾਰਕ ਅਤੇ ਭਾਰਤ ਦੀਆਂ ਵੱਖ-ਵੱਖ ਲੋਕੇਸ਼ਨਾਂ ‘ਤੇ ਕੀਤੀ ਗਈ ਹੈ। ਉਨ੍ਹਾਂ ਫ਼ਿਲਮਸਾਜ਼ਾਂ ਨੂੰ ਅਪੀਲ ਕੀਤੀ ਕਿ ਉਹ ਇੱਕੋ ਜਿਹੀਆਂ ਕਹਾਣੀਆਂ ਦੀ ਬਜਾਏ ਨਵੇਂ ਅਤੇ ਵੱਖਰੇ ਵਿਸ਼ਿਆਂ ‘ਤੇ ਕੰਮ ਕਰਨ।

ਇਸ ਦੌਰਾਨ ਪੰਜਾਬੀ ਗਾਇਕ ਮਲਕੀਤ ਸਿੰਘ ਨੇ ਸਮੂਹ ਸੰਗਤਾਂ ਨੂੰ ਹੋਲੇ-ਮਹੱਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਆਪਣੇ ਵਿਦੇਸ਼ੀ ਸ਼ੋਅਜ਼ ਕਾਰਨ ਜਲਦੀ ਵਾਪਸ ਜਾਣਾ ਪੈ ਰਿਹਾ ਹੈ, ਪਰ ਉਨ੍ਹਾਂ ਦਾ ਦਿਲ ਹਮੇਸ਼ਾ ਪੰਜਾਬ ਦੀ ਧਰਤੀ ਅਤੇ ਵਿਰਸੇ ਨਾਲ ਜੁੜਿਆ ਰਹਿੰਦਾ ਹੈ। ਉਨ੍ਹਾਂ ਆਪਣੇ ਨਵੇਂ ਰਿਲੀਜ਼ ਹੋਏ ਗੀਤ ‘ਕੀ ਖਾਨੀ ਓ’ ਦਾ ਜ਼ਿਕਰ ਕਰਦਿਆਂ ਸਰੋਤਿਆਂ ਨੂੰ ਅਪੀਲ ਕੀਤੀ ਕਿ ਉਹ ਸਾਫ਼-ਸੁਥਰੀ ਗਾਇਕੀ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹਿਣ।

By Gurpreet Singh

Leave a Reply

Your email address will not be published. Required fields are marked *