ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੀ ਰਾਜਨੀਤੀ ਹਰ ਸਮੇਂ ਸਰਗਰਮ ਰਹਿੰਦੀ ਹੈ ਖਾਸ ਤੌਰ ਉਤੇ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਦੇ ਨਾਮ ਉਤੇ ਹਮੇਸ਼ਾ ਸਿਆਸਤ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਵਿੱਚ ਕਾਫੀ ਸ਼੍ਰੋਮਣੀ ਅਕਾਲੀ ਦਲ ਬਣੇ ਅਤੇ ਅਤੇ ਕਈ ਧਿਰਾਂ ਆਪਸ ਵਿੱਚ ਮਿਲ ਕੇ ਵੀ ਚੱਲੀਆਂ ਪਰ ਇਸ ਸਮੇਂ ਪੰਜਾਬ ਦੀ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਤੋਂ ਫਿਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਬਗਾਵਤ ਤੋਂ ਬਾਅਦ ਕੁਝ ਆਗੂਆਂ ਵੱਲੋਂ ਸੁਧਾਰ ਲਹਿਰ ਬਣਾਈ ਗਈ ਹਾਲਾਂਕਿ ਦੋ ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਸੁਧਾਰ ਲਹਿਰ ਨੂੰ ਸਮਾਪਤ ਕਰ ਲਿਆ ਗਿਆ ਸੀ।
ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੇ ਬਿਲਕੁਲ ਬਰਾਬਰ ਪੰਜ ਮੈਂਬਰੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦਾ ਹਵਾਲਾ ਦਿੰਦੇ ਹੋਏ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਭਰਤੀ ਮੁਕੰਮਲ ਕਰਕੇ ਡੈਲੀਗੇਟਾਂ ਦੀ ਚੋਣ ਕਰਕੇ ਪ੍ਰਧਾਨ ਦੀ ਚੋਣ ਕਰ ਲਈ ਗਈ ਹੈ।
ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਪ੍ਰਧਾਨ ਦੀ ਚੋਣ ਕਰ ਲਈ ਗਈ ਹੈ ਉੱਥੇ ਹੀ ਹੁਣ ਪੰਜ ਮੈਂਬਰੀ ਕਮੇਟੀ ਦੇ ਕੋਲ ਕੋਈ ਕਾਨੂੰਨੀ ਰਾਹ ਨਹੀਂ ਬਚਦਾ ਹੋਇਆ ਦਿਖਾਈ ਦੇ ਰਿਹਾ। ਇਸ ਤੋਂ ਬਾਅਦ ਬਾਗੀ ਆਗੂਆਂ ਦੇ ਕੋਲ ਸਿਰਫ ਦੋ ਰਸਤੇ ਹੀ ਬਚਦੇ ਨੇ ਜਾਂ ਤਾਂ ਬਾਗੀ ਆਗੂ ਆਪਣੀ ਨਵੀਂ ਪਾਰਟੀ ਵਜੋਂ ਸ਼੍ਰੋਮਣੀ ਅਕਾਲੀ ਦਲ ਦਾ ਐਲਾਨ ਕਰਨਗੇ ਜਾਂ ਕਿਸੇ ਹੋਰ ਪਾਰਟੀ ਵਿੱਚ ਸ਼ਾਮਿਲ ਹੋਣਗੇ।
ਹਾਲਾਂਕਿ ਇਸ ਨੂੰ ਲੈ ਕੇ ਬਾਗੀ ਆਗੂਆਂ ਵਿੱਚੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਵੀ ਕਾਫੀ ਵਾਰ ਬਿਆਨ ਦਿੱਤੇ ਜਾ ਚੁੱਕੇ ਹਨ ਕੀ ਭਰਤੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਡੈਲੀਗੇਟਾਂ ਦੀ ਚੋਣ ਕਰਕੇ ਪ੍ਰਧਾਨ ਦਾ ਐਲਾਨ ਕਰਕੇ ਪਾਰਟੀ ਬਣਾ ਲਈ ਜਾਏਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ,ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਤੋਂ ਬਾਅਦ ਇੱਕ ਨਵਾਂ ਸ਼੍ਰੋਮਣੀ ਅਕਾਲੀ ਦਲ ਵੇਖਣ ਨੂੰ ਮਿਲ ਸਕਦਾ ਹੈ।