ਨੈਸ਼ਨਲ ਟਾਈਮਜ਼ ਬਿਊਰੋ :- ਚੰਡੀਗੜ੍ਹ ਵਿੱਚ ਇੱਕ ਵਾਰ ਫਿਰ VIP ਵਾਹਨ ਨੰਬਰਾਂ ਲਈ ਲੋਕਾਂ ਦਾ ਜ਼ਬਰਦਸਤ ਕਰੇਜ਼ ਦੇਖਣ ਨੂੰ ਮਿਲਿਆ ਹੈ। ਰਜਿਸਟਰਿੰਗ ਐਂਡ ਲਾਇਸੈਂਸਿੰਗ ਅਥਾਰਟੀ (RLA) ਵੱਲੋਂ ਨਵੀਂ ਸੀਰੀਜ਼ CH01-DD ਲਈ ਕਰਵਾਈ ਗਈ ਈ-ਨਿਲਾਮੀ ਵਿੱਚ ਕਈ ਰਿਕਾਰਡ ਟੁੱਟ ਗਏ।
ਇਸ ਨਿਲਾਮੀ ਵਿੱਚ ਸਭ ਤੋਂ ਮਹਿੰਗਾ ਨੰਬਰ CH01-DD-0001 ਰਿਹਾ, ਜਿਸਨੂੰ ਇੱਕ ਸ਼ੌਕੀਨ ਨੇ ਕਰੀਬ ₹53,88,000 (ਲਗਭਗ 54 ਲੱਖ ਰੁਪਏ) ਵਿੱਚ ਖਰੀਦਿਆ। ਇਹ ਨੰਬਰ ਨਿਲਾਮੀ ਵਿੱਚ ਸਭ ਤੋਂ ਉੱਚੀ ਬੋਲੀ ਵਾਲਾ ਰਿਹਾ ਅਤੇ ਇਸ ਨਾਲ ਚੰਡੀਗੜ੍ਹ ਵਿੱਚ VIP ਨੰਬਰਾਂ ਦੀ ਮੰਗ ਇੱਕ ਵਾਰ ਫਿਰ ਸਾਹਮਣੇ ਆ ਗਈ ਹੈ।
ਇਸ ਤੋਂ ਇਲਾਵਾ ਹੋਰ ਕਈ VIP ਨੰਬਰ ਵੀ ਲੱਖਾਂ ਰੁਪਏ ਵਿੱਚ ਵੇਚੇ ਗਏ। CH01-DD-0003 ਲਈ ₹32.32 ਲੱਖ ਦੀ ਬੋਲੀ ਲੱਗੀ, ਜਦਕਿ CH01-DD-0005 ਨੰਬਰ ₹17.50 ਲੱਖ ਵਿੱਚ ਵਿਕਿਆ। ਇਸੇ ਤਰ੍ਹਾਂ CH01-DD-0009 ₹14.40 ਲੱਖ ਅਤੇ CH01-DD-0007 ₹14.22 ਲੱਖ ਵਿੱਚ ਖਰੀਦੇ ਗਏ।
ਨਿਲਾਮੀ ਵਿੱਚ CH01-DD-1000 ਲਈ ₹9.19 ਲੱਖ, CH01-DD-0006 ਲਈ ₹8.50 ਲੱਖ ਅਤੇ CH01-DD-0008 ਲਈ ₹8.24 ਲੱਖ ਦੀ ਬੋਲੀ ਲੱਗੀ। ਇਸ ਤੋਂ ਇਲਾਵਾ CH01-DD-0002 ₹7.25 ਲੱਖ ਅਤੇ CH01-DD-0100 ₹6.23 ਲੱਖ ਵਿੱਚ ਵਿਕਿਆ।
RLA ਅਧਿਕਾਰੀਆਂ ਮੁਤਾਬਕ VIP ਨੰਬਰਾਂ ਦੀ ਈ-ਨਿਲਾਮੀ ਤੋਂ ਪ੍ਰਸ਼ਾਸਨ ਨੂੰ ਵੱਡੀ ਆਮਦਨ ਹੋਈ ਹੈ। ਚੰਡੀਗੜ੍ਹ ਵਿੱਚ ਖ਼ਾਸ ਨੰਬਰਾਂ ਲਈ ਲੋਕਾਂ ਦੀ ਦਿਲਚਸਪੀ ਲਗਾਤਾਰ ਵੱਧ ਰਹੀ ਹੈ ਅਤੇ ਹਰ ਨਵੀਂ ਸੀਰੀਜ਼ ਦੀ ਨਿਲਾਮੀ ਵਿੱਚ ਉੱਚੀਆਂ ਬੋਲੀਆਂ ਦੇਖਣ ਨੂੰ ਮਿਲਦੀਆਂ ਹਨ।
