ਲੁਧਿਆਣਾ (ਨੈਸ਼ਨਲ ਟਾਈਮਜ਼): ਲੁਧਿਆਣਾ ਵਿੱਚ 12.4 ਕਿਲੋਮੀਟਰ ਲੰਬੇ ਸੜਕ ਪ੍ਰੋਜੈਕਟ ਦੀ ਯੋਜਨਾ ਬਣਾਈ ਗਈ ਹੈ। ਇਸ ਵਿੱਚ ਪੁਰਾਣੀ ਜੀ.ਟੀ. ਰੋਡ (ਸ਼ੇਰਪੁਰ ਚੌਕ ਤੋਂ ਜਗਰਾਓਂ ਪੁਲ ਤੱਕ) 6.5 ਕਿਲੋਮੀਟਰ, ਚੌੜਾ ਬਾਜ਼ਾਰ ਤੋਂ ਕਲਾਕ ਟਾਵਰ ਤੱਕ 1.7 ਕਿਲੋਮੀਟਰ, ਅਤੇ ਘੁਮਾਰ ਮੰਡੀ ਰੋਡ (ਫੁਹਾਰਾ ਚੌਕ ਤੋਂ ਆਰਤੀ ਸਿਨੇਮਾ ਤੱਕ) 4 ਕਿਲੋਮੀਟਰ ਦੀਆਂ ਸੜਕਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਸੇ ਤਰ੍ਹਾਂ ਜਲੰਧਰ ਵਿੱਚ 12.3 ਕਿਲੋਮੀਟਰ ਲੰਬੀਆਂ ਸੜਕਾਂ ਦੀ ਮੁਰੰਮਤ ਅਤੇ ਸੁਧਾਰ ਕੀਤਾ ਜਾਵੇਗਾ। ਇਸ ਵਿੱਚ ਐਚ.ਐਮ.ਵੀ. ਰੋਡ (ਮਕਸੂਦਾਂ ਚੌਂਕ ਤੋਂ ਜੇਲ੍ਹ ਚੌਂਕ) 3.4 ਕਿਲੋਮੀਟਰ, ਆਦਰਸ਼ ਨਗਰ ਰੋਡ ਅਤੇ ਟਾਂਡਾ ਰੋਡ (ਜੇਲ੍ਹ ਚੌਂਕ ਤੋਂ ਪਠਾਨਕੋਟ ਰੋਡ ਤੱਕ ਪੁਰਾਣੇ ਸ਼ਹਿਰ ਰਾਹੀਂ) 1.4 ਕਿਲੋਮੀਟਰ, ਪਠਾਨਕੋਟ ਰੋਡ (ਪੁਰਾਣੀ ਸਬਜ਼ੀ ਮੰਡੀ ਚੌਂਕ ਤੋਂ ਪਠਾਨਕੋਟ ਚੌਂਕ) 2.3 ਕਿਲੋਮੀਟਰ, ਮਾਡਲ ਟਾਊਨ ਮੇਨ ਰੋਡ (ਗੁਰੂ ਅਮਰਦਾਸ ਚੌਕ ਤੋਂ ਮਾਡਲ ਟਾਊਨ ਟੀ-ਜੰਕਸ਼ਨ, ਚੁਨਮੁਨ ਚੌਕ ਤੋਂ ਮਾਡਲ ਟਾਊਨ ਟੀ-ਜੰਕਸ਼ਨ, ਅਤੇ ਮਾਡਲ ਟਾਊਨ ਟੀ-ਜੰਕਸ਼ਨ ਤੋਂ ਸ਼ਿਵਾਨੀ ਪਾਰਕ ਐਗਜ਼ਿਟ) 2 ਕਿਲੋਮੀਟਰ, ਅਤੇ ਨਕੋਦਰ-ਜਲੰਧਰ ਰੋਡ (ਵਡਾਲਾ ਚੌਕ ਤੋਂ ਨਕੋਦਰ ਚੌਕ) 3.2 ਕਿਲੋਮੀਟਰ ਸ਼ਾਮਲ ਹਨ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਦੇਸ਼ ਜਾਣ ਵਾਲੇ ਪੰਜਾਬੀ ਅਕਸਰ ਉਥੋਂ ਦੇ ਸੁਵਿਧਾਜਨਕ ਸ਼ਹਿਰੀ ਢਾਂਚੇ ਦੀ ਤਾਰੀਫ ਕਰਦੇ ਹਨ ਅਤੇ ਪੰਜਾਬ ਦੀਆਂ ਸੜਕਾਂ ਦੀ ਮਾੜੀ ਹਾਲਤ ਨਾਲ ਇਸ ਦੀ ਤੁਲਨਾ ਕਰਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਕੋਲ ਸ਼ਾਨਦਾਰ ਇੰਜੀਨੀਅਰ ਅਤੇ ਆਰਕੀਟੈਕਟ ਹੋਣ ਦੇ ਬਾਵਜੂਦ ਸ਼ਹਿਰੀ ਸਹੂਲਤਾਂ ਦੇ ਮਾਮਲੇ ਵਿੱਚ ਪਿੱਛੇ ਰਹਿ ਗਿਆ ਹੈ। ਉਨ੍ਹਾਂ ਨੇ ਇਸ ਦਾ ਠੀਕਰਾ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ’ਤੇ ਫੋੜਿਆ, ਜਿਨ੍ਹਾਂ ’ਤੇ ਉਨ੍ਹਾਂ ਨੇ ਦੂਰਦਰਸ਼ਤਾ ਅਤੇ ਸਿਆਸੀ ਇੱਛਾ ਸ਼ਕਤੀ ਦੀ ਕਮੀ ਦਾ ਦੋਸ਼ ਲਾਇਆ।
ਚੀਮਾ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਇਹ ਪਹਿਲ ਨਾ ਸਿਰਫ਼ ਪੰਜਾਬ ਦੇ ਸ਼ਹਿਰੀ ਖੇਤਰਾਂ ਦੀ ਸੂਰਤ ਬਦਲੇਗੀ, ਸਗੋਂ ਨਾਗਰਿਕਾਂ ਦੇ ਜੀਵਨ ਅਨੁਭਵ ਨੂੰ ਵੀ ਸੁਧਾਰੇਗੀ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਗੁਣਵੱਤਾ, ਨਵੀਂ ਸੋਚ ਅਤੇ ਟਿਕਾਊ ਵਿਕਾਸ ’ਤੇ ਆਧਾਰਿਤ ਹੈ, ਜਿਸ ਨਾਲ ਪੰਜਾਬ ਦਾ ਸ਼ਹਿਰੀ ਬੁਨਿਆਦੀ ਢਾਂਚਾ ਅੰਤਰਰਾਸ਼ਟਰੀ ਮਿਆਰਾਂ ਤੱਕ ਪਹੁੰਚੇਗਾ। ਉਨ੍ਹਾਂ ਨੇ ਇਸ ਨੂੰ ਭਾਰਤ ਵਿੱਚ ਸ਼ਹਿਰੀ ਵਿਕਾਸ ਦੀ ਦਿਸ਼ਾ ਵਿੱਚ ਇੱਕ ਨਵਾਂ ਮੀਲ ਪੱਥਰ ਕਰਾਰ ਦਿੱਤਾ।
