‘ਤੁਹਾਡੇ ਖਾਤਿਆਂ ’ਚ ਆਉਣਗੇ ਹਰ ਮਹੀਨੇ 1500’ ਰੁਪਏ, ਖੁਲ੍ਹਵਾ ਲਏ ਖਾਤੇ ਤੇ ਫਿਰ…

ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਇਕ ਮੁਹੱਲੇ ’ਚ ਅਨਪੜ੍ਹ ਤੇ ਗਰੀਬ ਲੋਕਾਂ ਨੂੰ ਨਿੱਜੀ ਬੈਂਕ ਦੇ ਕੁਝ ਕਰਮਚਾਰੀਆਂ ਨਾਲ ਮਿਲ ਕੇ ਇਸ ਤਰ੍ਹਾਂ ਬੇਵਕੂਫ ਬਣਾਇਆ ਕਿ ਹੁਣ ਇਹ ਲੋਕ ਬਾਹਰੀ ਸੂਬਿਆਂ ਦੀ ਪੁਲਸ ਤੋਂ ਡਰ ਰਹੇ ਹਨ। ਦਰਅਸਲ ਮੁਹੱਲੇ ਦੀ ਜਾਣ ਪਛਾਣ ਵਾਲੇ ਇਕ ਨੌਜਵਾਨ ਨਾਲ ਇਕ ਨਿੱਜੀ ਬੈਂਕ ਦੇ ਕਰਮਚਾਰੀ ਆਏ ਤੇ ਇਨ੍ਹਾਂ ਦੇ ਖਾਤੇ ਖੋਲ੍ਹ ਗਏ। ਖਾਤਿਆਂ ਨਾਲ ਮਿਲਣ ਵਾਲੀ ਬੈਂਕ ਕਿੱਟ ਵੀ ਉਸ ਨੌਜਵਾਨ ਨੇ ਆਪ ਹੀ ਰੱਖ ਲਈ, ਜਿਸ ’ਚ ਏ. ਟੀ. ਐੱਮ ਆਦਿ ਸਨ। ਕਰੀਬ 1 ਮਹੀਨੇ ਬਾਅਦ ਇਨ੍ਹਾਂ ਖਾਤਾਧਾਰਕਾਂ ਨੂੰ 1500-1500 ਰੁਪਏ ਨਕਦ ਦਿੱਤਾ ਗਿਆ। ਕਰੀਬ 6 ਮਹੀਨਿਆਂ ਬਾਅਦ ਮੁਹੱਲੇ ’ਚ ਪਲਵਲ ਦੀ ਪੁਲਸ ਆਈ ਅਤੇ ਇਕ ਖਾਤਾਧਾਰਕ ਬਾਰੇ ਪੁੱਛਗਿੱਛ ਕਰਨ ਲੱਗੀ। ਮੁਹੱਲਾ ਵਾਸੀਆਂ ਨੇ ਜਦੋਂ ਪੁਲਸ ਤੋਂ ਜਾਣਕਾਰੀ ਲਈ ਤਾਂ ਉਨ੍ਹਾਂ ਦੱਸਿਆ ਕਿ ਖਾਤੇ ’ਚ ਦੁਬਈ ਤੋਂ ਦੋ ਨੰਬਰ ਦੇ ਪੈਸੇ ਦਾ ਲੈਣ ਦੇਣ ਹੋਇਆ ਹੈ, ਇਹ ਸੁਣ ਮੁਹੱਲਾ ਵਾਸੀ ਖਾਤਾਧਾਂਰਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।

ਉਨ੍ਹਾਂ ਜਦ ਉਸ ਨੌਜਵਾਨ ਦੇ ਰਿਸ਼ਤੇਦਾਰ ਤੋਂ ਆਪਣੀਆਂ ਬੈਂਕ ਕਿੱਟਾਂ ਮੰਗੀਆਂ ਤਾਂ ਉਨ੍ਹਾਂ ਨੂੰ ਬੈਂਕ ਕਾਪੀਆਂ ਤੇ ਚੈੱਕ ਬੁੱਕਾਂ ਫੜਾ ਦਿੱਤੀਆਂ ਪਰ ਏ. ਟੀ. ਐੱਮ. ਨਹੀਂ ਦਿੱਤੇ ਗਏ। ਜਦੋਂ ਖਾਤਾਧਾਰਕਾਂ ਨੇ ਨਿੱਜੀ ਬੈਂਕ ਦੀ ਸ੍ਰੀ ਮੁਕਤਸਰ ਸਾਹਿਬ ਤੇ ਬਰੀਵਾਲਾ ਬਰਾਂਚ ’ਚ ਜਾ ਕੇ ਆਪਣੇ ਖਾਤਿਆਂ ਦੀਆਂ ਸਟੇਟਮੈਂਟਾਂ ਕਢਵਾਈਆ ਤਾਂ ਇਨ੍ਹਾਂ ਖਾਤਿਆਂ ’ਚ ਲੱਖਾਂ ਰੁਪਏ ਦਾ ਲੈਣ ਦੇਣ ਦੁਬਈ ਵਿਖੇ ਹੋਇਆ ਸੀ। ਉਧਰ ਬੈਂਕ ਦੇ ਅਧਿਕਾਰੀ ਕੈਮਰੇ ਸਾਹਮਣੇ ਕੁਝ ਨਾ ਬੋਲ ਕੇ ਸਿਰਫ਼ ਇੰਨਾ ਕਹਿੰਦੇ ਹਨ ਕਿ ਉਨ੍ਹਾਂ ਦੇ ਕਰਮਚਾਰੀਆਂ ਨੇ ਕਿਸੇ ਦੇ ਰੈਫਰੈਂਸ ’ਤੇ ਇਹ ਖਾਤੇ ਖੋਲ੍ਹੇ ਤੇ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਕੁਝ ਵੀ ਪਤਾ ਨਹੀਂ।

ਦੂਜੇ ਪਾਸੇ ਇਸ ਮਾਮਲੇ ’ਚ ਸਮੂਹ ਖਾਤਾਧਾਰਕਾਂ ਨੇ ਪੁਲਸ ਨੂੰ ਇਕ ਸ਼ਿਕਾਇਤ ਦਿੱਤੀ ਹੈ ਤੇ ਪੁਲਸ ਇਸ ਮਾਮਲੇ ’ਚ ਫਿਲਹਾਲ ਜਾਂਚ ਕਰ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਇਹ ਪੈਸਾ ਸੱਟਾ ਬਾਜ਼ਾਰ ’ਚ ਦੁਬਈ ਵਰਤਿਆ ਗਿਆ ਹੈ ਤੇ ਦੁਬਈ ਦੀ ਇਕ ਕੰਪਨੀ ਨਾਲ ਹੀ ਖਾਤਿਆਂ ਰਾਹੀ ਲੈਣ ਦੇਣ ਹੋਇਆ ਹੈ। ਇਸ ਪੂਰੇ ਮਾਮਲੇ ਸਬੰਧੀ ਪੁਲਸ ਫਿਲਹਾਲ ਜਾਂਚ ਕਰ ਰਹੀ ਹੈ।

By Rajeev Sharma

Leave a Reply

Your email address will not be published. Required fields are marked *