ਨੈਸ਼ਨਲ ਟਾਈਮਜ਼ ਬਿਊਰੋ :- ਆਪਣੇ ਚੰਗੇ ਭਵਿੱਖ ਲਈ ਢਾਈ ਸਾਲ ਪਹਿਲਾਂ ਅਰਮਾਨੀਆਂ ਗਏ ਸਮਰਾਲਾ ਦੇ ਨੇੜਲੇ ਪਿੰਡ ਮੰਜਾਲੀ ਖੁਰਦ ਦੇ ਨੌਜਵਾਨ ਅਮਨਦੀਪ ਸਿੰਘ ਦੀ ਜ਼ਹਿਰੀਲੀ ਗੈਸ ਚੜ੍ਹਨ ਨਾਲ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਪਿਛਲੇ ਢਾਈ ਸਾਲ ਤੋਂ ਅਰਮਾਨੀਆਂ ਵਿਖੇ ਰਹਿੰਦਾ ਸੀ ,ਜਿੱਥੇ ਉਹ ਬੱਕਰੀਆਂ ਦੇ ਫਾਰਮ ਵਿੱਚ ਨੌਕਰੀ ਕਰਦਾ ਸੀ।
ਡਾਕਟਰਾਂ ਦੇ ਦੱਸਣ ਮੁਤਾਬਿਕ ਜ਼ਹਿਰੀਲੀ ਗੈਸ ਚੜ੍ਹਨ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਅਮਨਦੀਪ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਮ੍ਰਿਤਕ ਅਮਨਦੀਪ ਵਿਆਹਿਆ ਹੋਇਆ ਸੀ। ਅਮਨਦੀਪ ਸਿੰਘ ਦੇ ਅਰਮਾਨੀਆਂ ਜਾਣ ਦੇ 10 ਦਿਨ ਬਾਅਦ ਉਸਦੇ ਘਰ ਬੇਟੀ ਨੇ ਜਨਮ ਲਿਆ ਸੀ ,ਜਿਸ ਦਾ ਮੂੰਹ ਅਜੇ ਤੱਕ ਉਸਨੇ ਨਹੀਂ ਦੇਖਿਆ ਸੀ। ਕੇਵਲ ਮੋਬਾਈਲ ਦੇ ਉੱਪਰ ਹੀ ਵੀਡੀਓ ਕਾਲ ਰਾਹੀਂ ਉਸ ਨੇ ਆਪਣੀ ਇਕਲੌਤੀ ਧੀ ਨੂੰ ਦੇਖਿਆ ਸੀ।
ਮ੍ਰਿਤਕ ਅਮਨਦੀਪ ਸਿੰਘ ਦੇ ਪਿਤਾ ਨੇ ਦੱਸਿਆ ਕਿ ਮੇਰਾ ਬੇਟਾ ਢਾਈ ਸਾਲ ਪਹਿਲਾਂ ਵਿਦੇਸ਼ੀ ਧਰਤੀ ਅਰਮਾਨੀਆਂ ਵਿਖੇ ਆਪਣੇ ਵਧੀਆ ਭਵਿੱਖ ਲਈ ਰੋਜ਼ਗਾਰ ਕਮਾਉਣ ਲਈ ਗਿਆ ਪਰੰਤੂ ਬੀਤੀ 15 ਸਤੰਬਰ ਨੂੰ ਪਰਿਵਾਰਿਕ ਮੈਂਬਰਾਂ ਨੂੰ ਅਰਮਾਨੀਆਂ ਤੋਂ ਇੱਕ ਫੋਨ ਆਇਆ ਸੀ ,ਜਿਸ ਵਿੱਚ ਡਾਕਟਰਾਂ ਨੇ ਦੱਸਿਆ ਕਿ ਤੁਹਾਡੇ ਪੁੱਤਰ ਅਮਨਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ। ਇਹ ਸੁਣਦੇ ਸਾਰ ਹੀ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਡਾਕਟਰ ਵੱਲੋਂ ਦੱਸਿਆ ਗਿਆ ਹੈ ਕਿ ਅਮਨਦੀਪ ਸਿੰਘ ਦੀ ਮੌਤ ਜ਼ਹਿਰੀਲੀ ਗੈਸ ਕਾਰਨ ਹੋਈ ਹੈ। ਪਿਤਾ ਨੇ ਦੱਸਿਆ ਕਿ ਪਰਿਵਾਰ ਦਾ ਪਿਛਲੇ ਪੰਜ ਦਿਨਾਂ ਤੋਂ ਰੋ -ਰੋ ਕੇ ਬੁਰਾ ਹਾਲ ਹੈ ਅਤੇ ਅਸੀਂ ਹਰ ਰੋਜ਼ ਆਪਣੇ ਨੌਜਵਾਨ ਬੇਟੇ ਅਮਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਮੰਗਵਾਉਣ ਲਈ ਪ੍ਰਸ਼ਾਸਨ ਅਤੇ ਸਰਕਾਰ ਨੂੰ ਮਿਲ ਰਹੇ ਹਾਂ।
ਸਾਨੂੰ ਅਜੇ ਤੱਕ ਆਪਣੇ ਬੇਟੇ ਦੀ ਮ੍ਰਿਤਕ ਦੇਹ ਮੰਗਵਾਉਣ ਦਾ ਕੋਈ ਵੀ ਰਸਤਾ ਨਹੀਂ ਮਿਲਿਆ ਅਤੇ ਨਾ ਹੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਸਾਨੂੰ ਮਿਲਣ ਲਈ ਸਾਡੇ ਪਿੰਡ ਪਹੁੰਚਿਆ। ਮ੍ਰਿਤਕ ਅਮਨਦੀਪ ਦੇ ਪਿਤਾ ਨੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਨਾਂ ਦੇ ਬੇਟੇ ਦੀ ਮ੍ਰਿਤਕ ਦੇਹ ਨੂੰ ਕਿਸੇ ਤਰੀਕੇ ਉਹਨਾਂ ਦੇ ਪਿੰਡ ਪਹੁੰਚਾਇਆ ਜਾਵੇ ਤਾਂ ਜੋ ਉਸਦਾ ਅੰਤਿਮ ਸਸਕਾਰ ਉਸਦੇ ਪਿੰਡ ਵਿੱਚ ਕੀਤਾ ਜਾਵੇ।
