ਨੈਸ਼ਨਲ ਟਾਈਮਜ਼ ਬਿਊਰੋ :- ਲੁਧਿਆਣਾ ’ਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਕੈਲਾਸ਼ ਨਗਰ ਚੌਕ ਅਤੇ ਜੀਟੀ ਰੋਡ ‘ਤੇ ਜੱਸੀਆਂ ਰੋਡ ਤੋਂ ਗੁਰੂਹਰ ਰਾਏ ਨਗਰ ਕਰਾਸਿੰਗ ਤਕ ਵਾਹਨ ਅੰਡਰਪਾਸ (ਵੀਯੂਪੀ) ਦੇ ਨਿਰਮਾਣ ਨੂੰ ਹਰੀ ਝੰਡੀ ਦੇ ਦਿਤੀ ਹੈ। ਇਸ ਪ੍ਰਾਜੈਕਟ ਲਈ ਸ਼ੋਰਟ-ਟਰਮ ਟੈਂਡਰ ਸੋਮਵਾਰ ਨੂੰ ਜਾਰੀ ਕੀਤੇ ਜਾਣਗੇ।
ਇਸ ਸਬੰਧ ਵਿਚ ਵੇਰਵੇ ਦਿੰਦਿਆਂ, ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਉਮੀਦ ਪ੍ਰਗਟਾਈ ਕਿ ਇਹ ਅੰਡਰਪਾਸ ਲੁਧਿਆਣਾ ਦੇ ਦੋ ਦੁਰਘਟਨਾ-ਸੰਭਾਵੀ ਬਲੈਕ ਸਪਾਟਾਂ ‘ਤੇ ਆਵਾਜਾਈ ਦੀ ਭੀੜ ਨੂੰ ਕਾਫ਼ੀ ਹੱਦ ਤਕ ਘਟਾ ਦੇਣਗੇ। ਉਨ੍ਹਾਂ ਨੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਰਾਹੀਂ ਦਿੱਲੀ ਅਤੇ ਜੰਮੂ ਵਿਚਕਾਰ ਇਕ ਮਹੱਤਵਪੂਰਨ ਸੰਪਰਕ ਜੀਟੀ ਰੋਡ ‘ਤੇ ਆਵਾਜਾਈ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ 44 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਲਈ ਐਨਐਚਏਆਈ ਦਾ ਧੰਨਵਾਦ ਕੀਤਾ।
ਅਰੋੜਾ ਨੇ ਕਿਹਾ ਕਿ 15×2 ਮੀਟਰ ਦੇ ਇਨ੍ਹਾਂ ਵੀਯੂਪੀਜ਼ ਦੀ ਉਚਾਈ 5.5 ਮੀਟਰ ਹੈ। ਇਹ ਨਾ ਸਿਰਫ਼ ਵਾਹਨਾਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣਗੇ ਬਲਕਿ ਐਨਐਚ-1 ਦੇ ਇਸ ਭਾਗ ‘ਤੇ ਤੇਜ਼ ਰਫ਼ਤਾਰ ਹਾਦਸਿਆਂ ਨੂੰ ਰੋਕ ਕੇ ਸੜਕ ਸੁਰੱਖਿਆ ਨੂੰ ਵੀ ਵਧਾਉਣਗੇ। ਹਰੇਕ ਅੰਡਰਪਾਸ ਦੀ ਅਨੁਮਾਨਤ ਲਾਗਤ 21.67 ਕਰੋੜ ਰੁਪਏ ਹੈ।ਤੁਹਾਨੂੰ ਦਸ ਦਈਏ ਕਿ ‘ਆਪ’ ਦੇ ਸੰਸਦ ਮੈਂਜਦ ਸੰਜੀਵ ਅਰੋੜਾ ਨੇ ਐਕਸ ’ਤੇ ਵੀ ਕੀਤਾ ਖ਼ੁਸ਼ੀ ਦਾ ਪ੍ਰਗਟਾਵਾ ਹੈ। ਉਨ੍ਹਾਂ ਐਕਸ ’ਤੇ ਟਵੀਟ ਕੀਤਾ ਕਿ ਭੀੜ-ਭੜੱਕੇ ਨੂੰ ਘੱਟ ਕਰਨ ਅਤੇ ਸੜਕ ਸੁਰੱਖਿਆ ਵਲ ਇਹ ਸਰਕਾਰ ਦਾ ਵੱਡਾ ਕਦਮ ਹੈ ਜੋ ਕਿ ਸਮੇਂ ਦੀ ਮੰਗ ਸੀ।
