ਨੈਸ਼ਨਲ ਟਾਈਮਜ਼ ਬਿਊਰੋ :- ਵਾਤਾਵਰਣ ਪ੍ਰੇਮੀ ਤੇ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਨੂੰ ਉਨ੍ਹਾਂ ਦੇ ਪੰਜਾਬ ਦੇ ਦਰਿਆਵਾਂ ਲਈ ਨਿਭਾਈ ਗਈ ਨਿਸ਼ਕਾਮ ਸੇਵਾ ਲਈ ਉਨ੍ਹਾਂ ਨੂੰ ‘ਪੰਜਾਬ ਦੇ ਪਾਣੀਆਂ ਦੇ ਰਾਖੇ’ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਹਿਊਮਨ ਰਾਇਟਸ ਪ੍ਰੈੱਸ ਕਲੱਬ ਵੱਲੋਂ ਦਿੱਤਾ ਗਿਆ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਾਡਲ ਟਾਊਨ ’ਚ ਸਥਿਤ ਪਾਰਕ ’ਚ ਤਿੰਨ ਚੰਦਨ ਦਰੱਖਤ ਦੇ ਬੂਟੇ ਲਾਏ, ਜੋ ਕਿ ਬੁੱਢੇ ਦਰਿਆ ਦੀ ਸਫਾਈ, ਸਤਲੁਜ ਦੀ ਸਫਾਈ ਤੇ ਕਾਲੀ ਵੇਈਂ ਦੀ ਦੇਖ-ਭਾਲ ਤੇ ਸਫਾਈ ਦੇ 25 ਸਾਲ ਪੂਰੇ ਹੋ ਜਾਣ ਨੂੰ ਸਮਰਪਿਤ ਕੀਤੇ ਗਏ।
ਇਸ ਮੌਕੇ ਸੰਸਥਾ ਦੇ ਪ੍ਰਧਾਨ ਐਡਵੋਕੇਟ ਸੁਕੇਤ ਗੁਪਤਾ ਨੇ ਕਿਹਾ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਜੋ ਸੇਵਾ ਪੰਜਾਬ ਦੇ ਪਾਣੀਆਂ ਤੇ ਮਾਹੌਲ ਨੂੰ ਬਚਾਉਣ ਲਈ ਕੀਤੀ ਜਾ ਰਹੀ ਹੈ ਉਹ ਜੇਕਰ ਆਮ ਵਿਅਕਤੀ 100 ਜਨਮ ਵੀ ਲੈ ਲਵੇ ਤੱਦ ਵੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਅਜਿਹੇ ਕਾਰਜਾਂ ਲਈ ਅਕਾਲ ਪੁਰਖ ਅਜਿਹੇ ਸੰਤਾਂ ਦੀ ਡਿਊਟੀ ਲਾ ਕੇ ਹੀ ਭੇਜਦੇ ਹਨ, ਉਦੋਂ ਅਜਿਹੇ ਅਸੰਭਵ ਕਾਰਜ ਨੂੰ ਸੰਤਾਂ ਵੱਲੋਂ ਸੰਭਵ ਕੀਤਾ ਜਾ ਸਕਦਾ ਹਨ। ਉਨ੍ਹਾਂ ਦੁਆ ਕੀਤੀ ਕਿ ਰੱਬ ਉਨ੍ਹਾਂ ਸਾਰਿਆਂ ਦੀ ਉਮਰ ਵੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਦੇ ਦੇਣ ਤਾਂ ਕਿ ਇਹ ਸੇਵਾ ਲਗਾਤਾਰ ਚੱਲਦੀ ਰਹੇ। ਇਸ ਮੌਕੇ ਸੰਸਥਾ ਦੇ ਵਪਾਰ ਮੰਡਲ ਦੇ ਚੇਅਰਮੈਨ ਤਰੁਣ ਪਰੁਥੀ ਨੇ ਕਿਹਾ ਕਿ ਲਗਾਤਾਰ 25 ਸਾਲਾਂ ਤੱਕ ਕਾਲੀ ਵੇਈ ਨੂੰ ਸਾਫ਼ ਰੱਖਣਾ ਤੇ ਉਸ ’ਚ ਪੈਣ ਵਾਲੇ ਕਈ ਪਿੰਡਾਂ ਦੇ ਗੰਦੇ ਪਾਣੀ ਨੂੰ ਬੰਦ ਕਰਵਾਉਣ ਲਈ ਹਰ ਸਰਕਾਰ ਤੇ ਲੋਕਾਂ ਨਾਲ ਗੱਲਬਾਤ ਕਰ ਕੇ ਹੱਲ ਕੱਢਣਾ ਕਿਸੇ ਸੰਤ ਦੇ ਦੁਆਰਾ ਹੀ ਕੀਤਾ ਜਾ ਸਕਦਾ ਹਨ। ਅਜੋਕੇ ਸਮੇਂ ’ਚ ਕੋਈ ਆਮ ਆਦਮੀ ਇਸ ਬਾਰੇ ’ਚ ਸੋਚ ਵੀ ਨਹੀਂ ਸਕਦਾ।
ਹੁਸ਼ਿਆਰਪੁਰ ਤੋਂ ਲੈ ਕੇ ਹਰੀਕੇ ਤੱਕ ਇੰਨ੍ਹੇ ਵੱਡੇ ਖੇਤਰ ’ਚ ਸੰਤ ਸੀਚੇਵਾਲ ਦੇ ਯਤਨ ਸਦਕਾ ਹੀ ਵੇਈਂ ਦੇ ਨਾਲ ਲੱਗਦੇ ਖੇਤਰਾਂ ’ਚ ਪਾਣੀ ਦਾ ਪੱਧਰ ’ਤੇ ਆਇਆ ਹੈ, ਜਦਕਿ ਪੰਜਾਬ ਦੇ ਜ਼ਿਆਦਾਤਰ ਸਥਾਨਾਂ ’ਚ ਪਾਣੀ ਪੱਧਰ ਹੇਠਾਂ ਜਾ ਰਿਹਾ ਹੈ। ਇਸ ਮੌਕੇ ਉੱਤੇ ਬੋਲਦੇ ਹੋਏ ਸੰਸਥਾ ਦੇ ਸਰਪ੍ਰਸਤ ਬੀਐੱਨ ਗੁਪਤਾ ਸੀਨੀਅਰ ਪ੍ਰੈੱਸ ਰਿਪੋਰਟਰ ਨੇ ਕਿਹਾ ਕਿ ਲੁਧਿਆਣਾ ਦਾ ਬੁੱਢਾ ਦਰਿਆ ਕਈ ਦਸ਼ਕਾਂ ਤੋਂ ਇਵੇਂ ਹੀ ਗੰਦਗੀ ਦੀ ਮਾਰ ਝੇਲ ਰਿਹਾ ਸੀ, ਜਿਸ ’ਚ ਕਈ ਜਗ੍ਹਾ ਤੋਂ ਗੰਦਾ ਪਾਣੀ ਪੈ ਰਿਹਾ ਸੀ ਅਤੇ ਇਹੀ ਗੰਦਾ ਪਾਣੀ ਅੱਗੇ ਰਾਜਸਥਾਨ ਦੀ ਤਰਫ ਜਾ ਕੇ ਕੈਂਸਰ ਨੁਮਾ ਭਿਆਨਕ ਰੋਗ ਦਾ ਰੂਪ ਧਾਰਨ ਕਰ ਰਿਹਾ ਸੀ ਪਰ ਸੰਤ ਸੀਚੇਵਾਲ ਦੇ ਅਣਥੱਕ ਯਤਨਾਂ ਦੇ ਚੱਲਦੇ ਅੱਜ ਬੁੱਢੇ ਦਰਿਆ ਦਾ ਰੂਪ ਬਦਲ ਚੁੱਕਿਆ ਹੈ, ਇਹ ਸਭ ਕੁੱਝ ਸੰਤ ਬਲਬੀਰ ਸਿੰਘ ਸੀਚੇਵਾਲ ਦੀ 11 ਮਹੀਨਿਆਂ ਦੀ ਨਿਸ਼ਕਾਮ ਸੇਵਾ ਦੇ ਚੱਲਦੇ ਹੀ ਸਫਲ ਹੋਇਆ ਹੈ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਨਮਾਨ ਲਈ ਸੰਸਥਾ ਦੇ ਸਾਰੇ ਮੈਬਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਵਾਹਿਗੁਰੂ ਜੀ ਨੇ ਉਨ੍ਹਾਂ ਦੀ ਸੇਵਾ ਲਗਾਈ ਹੈ, ਜਿਸ ਨੂੰ ਉਹ ਆਪਣੇ ਤਨ, ਮਨ ਨਾਲ ਪੂਰਾ ਕਰਨ ’ਚ ਲੱਗੇ ਹਨ। ਇਸ ਮੌਕੇ ਯਗਦੱਤ ਐਰੀ, ਪ੍ਰਵੀਨ ਵਾਲੀਆ, ਮਹਿਲਾ ਵਿੰਗ ਦੀ ਜੋਤੀ, ਅਨੀਤਾ ਗੁਪਤਾ, ਰੁਚੀ ਗੁਪਤਾ, ਕ੍ਰਿਸ਼ਾਂਗੀ ਅੱਗਰਵਾਲ, ਰੇਨੂ ਅੱਗਰਵਾਲ, ਪ੍ਰੀਤੀ ਗੁਪਤਾ, ਅਰੁਣ ਖੋਸਲਾ, ਸਰਬਜੀਤ ਚੇਅਰਮੈਨ, ਜਗਮੋਹਨ ਸਿੰਘ ਜ਼ਿਲ੍ਹਾ ਪ੍ਰਧਾਨ ਅਨੁਪਮ ਮਰਵਾਹਾ, ਆਕਾਸ਼ ਕਪੂਰ, ਸੰਦੀਪ ਗਾਂਧੀ ਮਹੇਸ਼ ਕੁਮਾਰ, ਤਰੁਣ ਪਰੁਥੀ ਚੇਅਰਮੈਨ, ਹਰੀਸ਼ ਅਰੋੜਾ ਪ੍ਰਧਾਨ, ਚਰਨਜੀਤ ਸਿੰਘ, ਸੰਜੀਵ ਖੰਨਾ, ਸੁਖਜੀਤ ਵਾਲੀਆ, ਮਾਸਟਰ ਰਾਜ ਕੁਮਾਰ, ਧਰਮਰਾਜ, ਵਿਸ਼ਾਲ ਗੁਪਤਾ, ਰਾਜਿੰਦਰ ਕੁਮਾਰ, ਚੰਦਨ, ਜਸਬੀਰ ਸਿੰਘ, ਫਤਹਿ, ਪ੍ਰਿੰਸ ਅਰੋੜਾ ਤੇ ਗੁਰਪ੍ਰੀਤ ਗੋਪੀ ਆਦਿ ਮੌਜੂਦ ਸਨ।
