ਗੁਰਪ੍ਰੀਤ ਸਿੰਘ :- ਕਹਿੰਦੇ ਹਨ ਕਿ ਕਿਸਮਤ ਕਦੋਂ ਤੇ ਕਿਵੇਂ ਚਮਕ ਜਾਵੇ, ਇਸਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੁੰਦਾ। ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਹਰਿਆਣਾ ਦੇ ਰਾਇਪੁਰ ਰਾਣੀ ਦੇ ਪਿੰਡ ਮੌਲੀ ਦੇ ਰਹਿਣ ਵਾਲੇ ਕਪਿਲ ਦੇਵ ਦੀ ਕਿਸਮਤ ਇੱਕ ਛੋਟੀ ਜਿਹੀ ਲਾਟਰੀ ਟਿਕਟ ਨਾਲ ਰਾਤੋਂ-ਰਾਤ ਬਦਲ ਗਈ। ਪੇਸ਼ੇ ਨਾਲ ਸਿਕਿਓਰਿਟੀ ਗਾਰਡ ਕਪਿਲ ਦੇਵ ਨੇ ਪੰਜਾਬ ਸਟੇਟ ਡੀਅਰ ਮੰਥਲੀ ਲਾਟਰੀ ਵਿੱਚ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤ ਕੇ ਇਕਦਮ ਕਰੋੜਪਤੀ ਬਣਨ ਦਾ ਸਨਮਾਨ ਹਾਸਲ ਕਰ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਕਪਿਲ ਦੇਵ ਨੇ ਜ਼ੀਰਕਪੁਰ ਸਥਿਤ ਲੋਕੇਸ਼ ਲਾਟਰੀ ਏਜੰਸੀ ਤੋਂ ਸਿਰਫ਼ ₹200 ਦੀ ਲਾਟਰੀ ਟਿਕਟ ਖ਼ਰੀਦੀ ਸੀ। ਜਦੋਂ ਲਾਟਰੀ ਦੇ ਨਤੀਜੇ ਦਾ ਐਲਾਨ ਹੋਇਆ ਤਾਂ ਉਸ ਟਿਕਟ ਉਤੇ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲ ਆਇਆ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ, ਕਪਿਲ ਦੇਵ ਦੇ ਪਰਿਵਾਰ ਅਤੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਹਰ ਪਾਸੇ ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ।
ਕਪਿਲ ਦੇਵ ਇੱਕ ਸਾਦੇ ਅਤੇ ਮਿਹਨਤੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਹ ਤਿੰਨ ਬੱਚਿਆਂ ਦੇ ਪਿਤਾ ਹਨ ਅਤੇ ਸਕਿਉਰਿਟੀ ਗਾਰਡ ਦੀ ਨੌਕਰੀ ਕਰਕੇ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਚਲਾਉਂਦੇ ਹਨ। ਉਨ੍ਹਾਂ ਦੇ ਪਿਤਾ ਪੰਜਾਬ ਐਗਰੀਕਲਚਰ ਡਿਪਾਰਟਮੈਂਟ ਤੋਂ ਰਿਟਾਇਰਡ ਕਰਮਚਾਰੀ ਹਨ। ਘੱਟ ਆਮਦਨ ਦੇ ਬਾਵਜੂਦ ਕਪਿਲ ਦੇਵ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾ ਰਹੇ ਸਨ। ਇਸ ਵੱਡੀ ਜਿੱਤ ਨੇ ਉਨ੍ਹਾਂ ਦੇ ਜੀਵਨ ਵਿੱਚ ਖੁਸ਼ਹਾਲੀ ਦੀ ਇੱਕ ਨਵੀਂ ਕਿਰਨ ਲਿਆਈ ਹੈ ਅਤੇ ਉਨ੍ਹਾਂ ਲਈ ਇਹ ਪਲ ਕਿਸੇ ਸੁਪਨੇ ਦੇ ਸਚ ਹੋਣ ਵਰਗਾ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਲੋਕੇਸ਼ ਲਾਟਰੀ ਏਜੰਸੀ ਦੇ ਮਾਲਕ ਲੋਕੇਸ਼ ਕੁਮਾਰ ਉਰਫ਼ ਲੱਕੀ ਨੇ ਦੱਸਿਆ ਕਿ ਉਨ੍ਹਾਂ ਦੀ ਏਜੰਸੀ ਤੋਂ ਲਾਟਰੀ ਟਿਕਟ ਖਰੀਦ ਕੇ ਕਰੋੜਪਤੀ ਬਣਨ ਵਾਲੇ ਕਪਿਲ ਦੇਵ 30ਵੇਂ ਵਿਅਕਤੀ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਏਜੰਸੀ ਤੋਂ 29 ਲੋਕ ਵੱਡੇ ਇਨਾਮ ਜਿੱਤ ਕੇ ਕਰੋੜਪਤੀ ਬਣ ਚੁੱਕੇ ਹਨ, ਜਿਸ ਕਾਰਨ ਇਹ ਏਜੰਸੀ ਇਲਾਕੇ ਵਿੱਚ ਕਾਫ਼ੀ ਚਰਚਾ ਵਿੱਚ ਰਹਿੰਦੀ ਹੈ।
ਲਾਟਰੀ ਜਿੱਤਣ ਦੀ ਖ਼ਬਰ ਜਿਵੇਂ ਹੀ ਕਪਿਲ ਦੇਵ ਦੇ ਘਰ ਪਹੁੰਚੀ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਲੋਕ ਉਨ੍ਹਾਂ ਨੂੰ ਵਧਾਈ ਦੇਣ ਲਈ ਘਰ ਪਹੁੰਚ ਰਹੇ ਹਨ ਅਤੇ ਪਿੰਡ ਵਿੱਚ ਜਸ਼ਨ ਵਰਗਾ ਮਾਹੌਲ ਬਣਿਆ ਹੋਇਆ ਹੈ। ਹਰ ਕੋਈ ਕਹਿ ਰਿਹਾ ਹੈ ਕਿ ਮਿਹਨਤ ਕਰਨ ਵਾਲਿਆਂ ਦੀ ਕਿਸਮਤ ਕਦੇ ਨਾ ਕਦੇ ਜ਼ਰੂਰ ਚਮਕਦੀ ਹੈ ਅਤੇ ਕਪਿਲ ਦੇਵ ਦੀ ਇਹ ਜਿੱਤ ਇਸ ਗੱਲ ਦਾ ਜੀਤਾ-ਜਾਗਦਾ ਉਦਾਹਰਨ ਬਣ ਗਈ ਹੈ।
