ਤਰਨਤਾਰਨ –ਸਰਕਾਰੀ ਸਕੂਲ ’ਚ ਪੜ੍ਹਦੀ ਛੇਵੀਂ ਜਮਾਤ ਦੀ ਵਿਦਿਆਰਥਣ ਨਾਲ ਉਸਦੇ ਗੁਆਂਢ ’ਚ ਰਹਿੰਦੇ ਇਕ ਵਿਅਕਤੀ ਵੱਲੋਂ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕੀ ਜਬਰ-ਜ਼ਿਨਾਹ ਕਰਨ ਵਾਲੇ ਮੁਲਜ਼ਮ ਦੀ ਪਤਨੀ ਵੱਲੋਂ ਉਸ ਸਮੇਂ ਦੀ ਵੀਡੀਓ ਆਪਣੇ ਮੋਬਾਈਲ ’ਚ ਕੈਦ ਕਰ ਲਈ ਗਈ ਜਦੋਂ ਮੁਲਜ਼ਮ ਨਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰ ਰਿਹਾ ਸੀ। ਇਹ ਮਾਮਲਾ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਤਰਨਤਾਰਨ ਦੇ ਧਿਆਨ ’ਚ ਲਿਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੋਏ ਹੁਕਮਾਂ ਤਹਿਤ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਸ਼ਿਕਾਇਤ ਜਿਸ ਦੇ ਨਾਲ ਇਕ ਵੀਡੀਓ ਵੀ ਪ੍ਰਾਪਤ ਹੋਈ, ਜਿਸ ’ਚ ਇਕ ਵੱਡੀ ਉਮਰ ਦਾ ਵਿਅਕਤੀ ਨਬਾਲਗ ਕੁੜੀ ਜਿਸ ਦੀ ਉਮਰ ਕਰੀਬ 11 ਸਾਲ ਹੈ ਅਤੇ ਉਹ ਸਰਕਾਰੀ ਸਕੂਲ ਵਿਚ 6ਵੀਂ ਜਮਾਤ ਦੀ ਵਿਦਿਆਰਥਣ ਹੈ ਨਾਲ ਜਬਰ-ਜ਼ਿਨਾਹ ਕਰ ਰਿਹਾ ਸੀ। ਰਜੇਸ਼ ਕੁਮਾਰ ਨੇ ਦੱਸਿਆ ਕਿ ਇਸ ਵੀਡੀਓ ਅਤੇ ਸ਼ਿਕਾਇਤ ਪ੍ਰਾਪਤ ਹੋਣ ਤੋਂ ਬਾਅਦ ਉਨ੍ਹਾਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਇਹ ਸਾਰਾ ਮਾਮਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੁਲ ਦੇ ਧਿਆਨ ਵਿਚ ਲਿਆਂਦਾ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਜਾਰੀ ਹੋਏ ਆਦੇਸ਼ਾਂ ਤਹਿਤ ਨਬਾਲਗ ਕੁੜੀ ਨੂੰ ਤੁਰੰਤ ਸਕੂਲ ਤੋਂ ਰੈਸਕਿਊ ਕਰਦੇ ਹੋਏ ਆਪਣੇ ਨਾਲ ਸਖੀ ਵਨ ਸਟਾਫ ਸੈਂਟਰ ਸਿਵਲ ਹਸਪਤਾਲ ’ਚ ਲੈ ਗਏ।
ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਅਤੇ ਨਾਬਾਲਗ ਬੱਚੀ ਵੱਲੋਂ ਦਿੱਤੇ ਗਏ ਬਿਆਨਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਉਸਦੇ ਗੁਆਂਢ ਵਿਚ ਰਹਿੰਦੇ ਮੁਲਜ਼ਮ ਜਗਜੀਤ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਤਰਨਤਾਰਨ ਵੱਲੋਂ ਉਸ ਨਾਲ ਕਰੀਬ ਤਿੰਨ ਮਹੀਨਿਆਂ ਤੋਂ ਜਬਰ-ਜ਼ਿਨਾਹ ਕੀਤਾ ਜਾ ਰਿਹਾ ਸੀ, ਜਿਸ ਸਬੰਧੀ ਉਸਨੂੰ ਧਮਕੀਆਂ ਵੀ ਦਿੱਤੀਆਂ ਗਈਆਂ, ਜਿਸ ਦੇ ਚੱਲਦਿਆਂ ਉਸਨੇ ਇਹ ਸਾਰੀ ਗੱਲ ਆਪਣੇ ਘਰ ਨਹੀਂ ਦੱਸੀ। ਰਜੇਸ਼ ਕੁਮਾਰ ਨੇ ਦੱਸਿਆ ਕਿ ਇਸ ਦੀ ਜਾਂਚ ਕਰਦੇ ਹੋਏ ਚਾਈਲਡ ਵੈਲਫੇਅਰ ਅਫਸਰ ਸਬ ਇੰਸਪੈਕਟਰ ਰਾਣੀ ਕੌਰ ਵੱਲੋਂ ਬੀਤੇ ਕੱਲ੍ਹ ਦੇਰ ਸ਼ਾਮ ਪੀੜਤ ਬੱਚੀ ਦਾ ਮੈਡੀਕਲ ਕਰਵਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਮੁਲਜ਼ਮ ਜਗਜੀਤ ਸਿੰਘ ਨੂੰ ਜੋ ਡਰਾਈਵਰ ਦਾ ਕੰਮ ਕਰਦਾ ਹੈ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰਜੇਸ਼ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਨਾਬਾਲਗ ਬੱਚੀ ਨੂੰ ਬਾਲ ਘਰ ਵਿਚ ਭੇਜਣ ਦੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ।
