ਨਵੀਂ ਦਿੱਲੀ (ਗੁਰਪ੍ਰੀਤ ਸਿੰਘ) : ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 15 ਅਗਸਤ ਤੋਂ ਗਾਲੇ ਵਿੱਚ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਭਾਰਤੀ ਕਪਤਾਨ ਸ਼ੁਭਮਨ ਗਿੱਲ ਲਈ ਬਹੁਤ ਖਾਸ ਸਾਬਤ ਹੋ ਸਕਦਾ ਹੈ। ਗਿੱਲ ਕੋਲ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) 2025-27 ਦੇ ਤਹਿਤ ਖੇਡੀ ਜਾ ਰਹੀ ਇਸ ਸੀਰੀਜ਼ ਵਿੱਚ ਇੱਕ ਵੱਡਾ ਰਿਕਾਰਡ ਬਣਾਉਣ ਦਾ ਸੁਨਹਿਰੀ ਮੌਕਾ ਹੈ।
ਸ਼ੁਭਮਨ ਗਿੱਲ ਇਸ ਸਮੇਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਉਨ੍ਹਾਂ ਨੇ ਹੁਣ ਤੱਕ 40 ਟੈਸਟ ਮੈਚਾਂ ਵਿੱਚ 2,843 ਦੌੜਾਂ ਬਣਾਈਆਂ ਹਨ, ਜਿਸ ਵਿੱਚ 10 ਸੈਂਕੜੇ ਅਤੇ 8 ਅਰਧ ਸੈਂਕੜੇ ਸ਼ਾਮਲ ਹਨ। ਗਿੱਲ ਨੂੰ WTC ਵਿੱਚ 3,000 ਦੌੜਾਂ ਤੱਕ ਪਹੁੰਚਣ ਲਈ ਸਿਰਫ਼ 157 ਦੌੜਾਂ ਦੀ ਲੋੜ ਹੈ। ਜੇਕਰ ਉਹ ਗਾਲੇ ਟੈਸਟ ਵਿੱਚ ਇਹ ਮੀਲ ਪੱਥਰ ਹਾਸਲ ਕਰ ਲੈਂਦਾ ਹੈ, ਤਾਂ ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ 3,000 ਦੌੜਾਂ ਤੱਕ ਪਹੁੰਚਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣ ਜਾਵੇਗਾ।
ਭਾਰਤੀ ਬੱਲੇਬਾਜ਼ਾਂ ਵਿੱਚ, ਰਿਸ਼ਭ ਪੰਤ 2,780 ਦੌੜਾਂ ਨਾਲ ਦੂਜੇ ਸਥਾਨ ‘ਤੇ ਹੈ। ਪੰਤ ਨੇ ਇਹ ਉਪਲਬਧੀ 71 ਪਾਰੀਆਂ ਵਿੱਚ ਹਾਸਲ ਕੀਤੀ। ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ 40 ਟੈਸਟ ਮੈਚਾਂ ਵਿੱਚ 2,716 ਦੌੜਾਂ ਬਣਾਈਆਂ ਹਨ, ਜਿਸ ਵਿੱਚ ਨੌਂ ਸੈਂਕੜੇ ਅਤੇ ਅੱਠ ਅਰਧ ਸੈਂਕੜੇ ਸ਼ਾਮਲ ਹਨ। ਵਿਰਾਟ ਕੋਹਲੀ ਨੇ WTC ਵਿੱਚ 46 ਮੈਚਾਂ ਵਿੱਚ 2,617 ਦੌੜਾਂ ਬਣਾਈਆਂ ਹਨ, ਜਿਸ ਵਿੱਚ ਪੰਜ ਸੈਂਕੜੇ ਅਤੇ 11 ਅਰਧ ਸੈਂਕੜੇ ਸ਼ਾਮਲ ਹਨ।
ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ, ਸਿਰਫ਼ ਨੌਂ ਬੱਲੇਬਾਜ਼ਾਂ ਨੇ 3,000 ਤੋਂ ਵੱਧ ਦੌੜਾਂ ਬਣਾਈਆਂ ਹਨ। ਇੰਗਲੈਂਡ ਦੇ ਸਟਾਰ ਬੱਲੇਬਾਜ਼ ਜੋ ਰੂਟ ਇਸ ਸੂਚੀ ਵਿੱਚ ਸਿਖਰ ‘ਤੇ ਹਨ। ਰੂਟ ਨੇ 77 ਮੈਚਾਂ ਵਿੱਚ 6,651 ਦੌੜਾਂ ਬਣਾਈਆਂ ਹਨ ਅਤੇ 23 ਸੈਂਕੜੇ ਲਗਾਏ ਹਨ। ਆਸਟ੍ਰੇਲੀਆ ਦੇ ਮਹਾਨ ਸਟੀਵ ਸਮਿਥ 59 ਮੈਚਾਂ ਵਿੱਚ 4,564 ਦੌੜਾਂ ਦੇ ਨਾਲ ਦੂਜੇ ਸਥਾਨ ‘ਤੇ ਹਨ।
ਹੁਣ ਸਾਰਿਆਂ ਦੀਆਂ ਨਜ਼ਰਾਂ ਗਾਲੇ ਟੈਸਟ ‘ਤੇ ਹਨ, ਜਿੱਥੇ ਸ਼ੁਭਮਨ ਗਿੱਲ ਨਾ ਸਿਰਫ਼ ਭਾਰਤ ਨੂੰ ਜਿੱਤ ਵੱਲ ਲੈ ਜਾਣ ਦਾ ਟੀਚਾ ਰੱਖਣਗੇ ਬਲਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਇੱਕ ਨਵਾਂ ਭਾਰਤੀ ਰਿਕਾਰਡ ਵੀ ਕਾਇਮ ਕਰਨਗੇ।
