
ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ 29 ਮਈ, 2022 ਨੂੰ ਤਾੜ-ਤਾੜ ਗੋਲੀਆਂ ਚਲਾਕੇ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ। ਸਿੱਧੂ ਆਪਣੇ ਘਰ ਤੋਂ ਕਾਲੀ ਥਾਰ ਗੱਡੀ ਲੈ ਕੇ ਬਿਨਾ ਸੁਰੱਖਿਆ ਤੋਂ ਨਿਕਲਿਆ ਸੀ। ਬਦਮਾਸ਼ਾਂ ਨੇ ਉਨ੍ਹਾਂ ਨੂੰ ਜਵਾਹਰਕੇ ਪਿੰਡ ਵਿੱਚ ਘੇਰ ਲਿਆ ਅਤੇ 30 ਤੋਂ ਵੱਧ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ 19 ਗੋਲੀਆਂ ਸਿੱਧੂ ਨੂੰ ਲੱਗੀਆਂ ਸਨ।
ਇਸ ਹਮਲੇ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਸੀ। ਇਸ ਤੋਂ ਬਾਅਦ ਪੁਲਿਸ ਹੁਣ ਤੱਕ ਇਸ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਸਮੇਤ ਕੁੱਲ 36 ਲੋਕਾਂ ਨੂੰ ਨਾਮਜ਼ਦ ਕਰਕੇ ਚਾਰਜਸ਼ੀਟ ਦਾਖਲ ਕਰ ਚੁੱਕੀ ਹੈ। 30 ਤੋਂ ਵੱਧ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਫਿਰ ਵੀ ਮੁੱਖ ਦੋਸ਼ੀ ਅਜੇ ਤੱਕ ਸਜ਼ਾ ਤੋਂ ਬਚੇ ਹੋਏ ਹਨ। ਸਿੱਧੂ ਦੇ ਪਰਿਵਾਰ ਅਤੇ ਫੈਨਜ਼ ਨੂੰ ਅੱਜ ਵੀ ਇਨਸਾਫ ਦੀ ਉਡੀਕ ਹੈ। ਟੱਬਿਆਂ ਦਾ ਪੁੱਤ ਸਿੱਧੂ ਮੂਸੇਵਾਲਾ ਸਰੀਰਕ ਤੌਰ ਤੇ ਭਾਵੇਂ ਅੱਜ ਇਸ ਸੰਸਾਰ ਦੇ ਵਿੱਚ ਨਹੀਂ ਹੈ ਪਰ ਉਸਦੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਜ਼ਿੰਦਾ ਹਨ। ਉਸਦੇ ਬਹੁਤ ਸਾਰੇ ਗੀਤ ਅੱਜ ਵੀ ਸਮਾਜ ਨੂੰ ਸ਼ੀਸ਼ਾ ਦਿਖਾਉਂਦੇ ਹਨ।
ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਮੌਕੇ ਮਾਂ ਚਰਨ ਕੌਰ ਨੇ ਭਾਵੁਕ ਪੋਸਟ ਪਾ ਕੇ ਆਪਣੇ ਪੁੱਤਰ ਨੂੰ ਯਾਦ ਕੀਤਾ ਅਤੇ ਇਨਸਾਫ ਲਈ ਅਜੇ ਤੱਕ ਹੱਥ ਖਾਲੀ ਦੀ ਗੱਲ ਕਰਦੇ ਹੋਏ ਪੋਸਟ ਪਾਈ ਹੈ। ਇਸ ਪੋਸਟ ਉੱਤੇ ਫੈਨਜ਼ ਕਮੈਂਟ ਕਰਕੇ ਸਿੱਧੂ ਨੂੰ ਯਾਦ ਕਰ ਰਹੇ ਨੇ ਤੇ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਹਨ।
ਅੱਜ (29 ਮਈ) ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਹੈ। ਇਨ੍ਹਾਂ ਤਿੰਨ ਸਾਲਾਂ ਵਿੱਚ ਸਿੱਧੂ ਦੇ ਘਰ ਇੱਕ ਛੋਟੇ ਭਰਾ ਦਾ ਜਨਮ ਹੋ ਚੁੱਕਿਆ ਹੈ। ਉਨ੍ਹਾਂ ਦੇ ਪਿਤਾ ਸਿਆਸਤ ਵਿੱਚ ਕਦਮ ਰੱਖ ਚੁੱਕੇ ਹਨ ਅਤੇ ਚੋਣ ਲੜਨ ਦਾ ਐਲਾਨ ਵੀ ਕਰ ਚੁੱਕੇ ਹਨ। ਇੰਨਾ ਹੀ ਨਹੀਂ, ਸਿੱਧੂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ 8 ਗੀਤ ਵੀ ਰਿਲੀਜ਼ ਹੋ ਚੁੱਕੇ ਹਨ। ਅੰਗਰੇਜ਼ੀ ਗਾਇਕਾ ਸਟੈਫਲਾਨ ਡੌਨ ਨੇ ਤਾਂ A.I. ਦੇ ਜ਼ਰੀਏ ਮੂਸੇਵਾਲਾ ਦੀ ਆਵਾਜ਼ ਬਣਾਕੇ ਆਪਣੇ ਗੀਤ ਵਿੱਚ ਵਰਤੀ ਅਤੇ ਉਨ੍ਹਾਂ ਦੇ ਨਾਂ ‘ਤੇ ਗੀਤ ਦਾ ਪਰਚਾਰ ਵੀ ਕੀਤਾ।
28 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਆਖਣ ਵਾਲੇ ਸਿੱਧੂ ਮੂਸੇਵਾਲਾ ਆਪਣੇ ਪਿੱਛੇ ਵੱਡੀ ਵਿਰਾਸਤ ਛੱਡ ਗਏ ਹਨ। ਉਨ੍ਹਾਂ ਦੇ ਗੀਤਾਂ ਦਾ ਅੱਜ ਵੀ ਇੱਕ ਵੱਡਾ ਫੈਨ ਬੇਸ ਹੈ। ਇੱਥੇ ਤੱਕ ਕਿ ਉਨ੍ਹਾਂ ਦੀ ਹੱਤਿਆ ਤੋਂ ਬਾਅਦ ਰਿਲੀਜ਼ ਹੋਏ ਗੀਤਾਂ ਨੂੰ ਵੀ ਪਹਿਲਾਂ ਵਾਂਗ ਹੀ ਪਸੰਦ ਕੀਤਾ ਗਿਆ।
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਮੁੱਖ ਤੌਰ ‘ਤੇ ਉਨ੍ਹਾਂ ਦੇ 8 ਗੀਤ ਰਿਲੀਜ਼ ਹੋਏ ਹਨ। ਇਹ ਸਾਰੇ ਗੀਤ ਉਨ੍ਹਾਂ ਦੇ ਆਧਿਕਾਰਕ ਅਕਾਊਂਟ ‘ਤੇ ਜਾਰੀ ਕੀਤੇ ਗਏ। ਇਸ ਦੇ ਇਲਾਵਾ ਕੁਝ ਗੀਤ ਹੋਰ ਗਾਇਕਾਂ ਅਤੇ ਰੈਪਰਾਂ ਵੱਲੋਂ ਆਪਣੇ-ਆਪਣੇ ਚੈਨਲਾਂ ‘ਤੇ ਵੀ ਰਿਲੀਜ਼ ਕੀਤੇ ਗਏ ਹਨ।
ਬਰਤਾਨਵੀ ਗਾਇਕਾ ਸਟੈਫਲਾਨ ਡੌਨ ਨੇ ਆਪਣੇ ਗੀਤ “Dilemma” ਦਾ ਪ੍ਰਚਾਰ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਕੀਤਾ ਸੀ। ਉਨ੍ਹਾਂ ਨੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਸਿੱਧੂ ਮੂਸੇਵਾਲਾ ਦਾ ਵੀਡੀਓ ਤਿਆਰ ਕਰਕੇ ਆਪਣੇ ਗੀਤ ਵਿੱਚ ਵਰਤਿਆ ਸੀ।