ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਦਰਦਭਰਿਆ ਸੁਨੇਹਾ: “ਮੈਂ ਬਦਲ ਗਿਆ, ਪਰ ਇਹ ਬਦਲਾਅ ਜਾਇਜ਼ ਸੀ”

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਦਰਦਭਰਿਆ ਸੁਨੇਹਾ: “ਮੈਂ ਬਦਲ ਗਿਆ, ਪਰ ਇਹ ਬਦਲਾਅ ਜਾਇਜ਼ ਸੀ”

ਮਾਨਸਾ (ਨੈਸ਼ਨਲ ਟਾਈਮਜ਼): ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਸ. ਬਲਕੌਰ ਸਿੰਘ ਸਿੱਧੂ ਨੇ ਆਪਣੇ ਪੁੱਤਰ ਦੀ ਯਾਦ ਵਿੱਚ ਇੱਕ ਦਰਦਭਰਿਆ ਸੁਨੇਹਾ ਜਾਰੀ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਆਏ ਬਦਲਾਅ ਅਤੇ ਦੁੱਖ ਦੀ ਗੱਲ ਕੀਤੀ। ਬਲਕੌਰ ਸਿੰਘ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਉਨ੍ਹਾਂ ਦੇ ਸੁਭਾਅ ਅਤੇ ਸੋਚ ਵਿੱਚ ਡੂੰਘੀ ਤਬਦੀਲੀ ਆਈ ਹੈ, ਜਿਸ ਦਾ ਕਾਰਨ ਉਨ੍ਹਾਂ ਦੇ ਨੇੜਲੇ ਸਮਝੇ ਜਾਣ ਵਾਲੇ ਲੋਕਾਂ ਦਾ ਵਿਰੋਧ ਅਤੇ ਧੋਖਾ ਹੈ।
ਬਲਕੌਰ ਸਿੰਘ ਨੇ ਆਪਣੇ ਸੁਨੇਹੇ ਵਿੱਚ ਲਿਖਿਆ, “ਮੇਰੇ ਵਿੱਚ ਬੇਹੱਦ ਬਦਲਾਅ ਆਇਆ। ਤਿੰਨ ਸਾਲਾਂ ਵਿੱਚ ਮੈਂ ਉਨ੍ਹਾਂ ਲੋਕਾਂ ਨੂੰ ਆਪਣੇ ਸਮਝਣ ਦੀ ਗਲਤੀ ਕੀਤੀ, ਜੋ ਮੇਰੇ ਅਤੇ ਮੇਰੇ ਪਰਿਵਾਰ ਦੇ ਖਿਲਾਫ਼ ਸਨ। ਹਰ ਵਾਰ ਜਦੋਂ ਕੋਈ ਖ਼ਾਸ ਵਿਅਕਤੀ ਦਾ ਚਿਹਰਾ ਬੇਨਕਾਬ ਹੋਇਆ, ਮੈਂ ਹੈਰਾਨ ਰਹਿ ਗਿਆ। ਮੇਰੇ ਨਰਮ ਸੁਭਾਅ ਵਿੱਚ ਕਠੋਰਤਾ ਆਈ, ਮੇਰੀ ਸਹਿਜਤਾ ਵਿੱਚ ਪਰਖਣ ਦੀ ਆਦਤ ਪੈ ਗਈ। ਮੈਂ ਬਦਲ ਗਿਆ, ਅਤੇ ਇਹ ਬਦਲਾਅ ਜਾਇਜ਼ ਸੀ।”
ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਵੀ ਉਨ੍ਹਾਂ ਨੇ ਨਰਮ ਦਿਲੀ ਵਰਤੀ, ਉਨ੍ਹਾਂ ਦੇ ਕਾਲੇ ਦਿਨਾਂ ਦਾ ਕੌੜਾ ਸੱਚ ਸਾਹਮਣੇ ਆ ਜਾਂਦਾ ਸੀ, ਜੋ ਚੀਕ-ਚੀਕ ਕੇ ਕਹਿੰਦਾ ਸੀ ਕਿ “ਹੁਣ ਤੂੰ ਪਹਿਲਾਂ ਵਾਲਾ ਨਹੀਂ ਰਹਿ ਸਕਦਾ।” ਬਲਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਵਿਰੋਧ ਉਨ੍ਹਾਂ ਦੇ ਬਦਲੇ ਸੁਭਾਅ ਅਤੇ ਵਿਚਾਰਧਾਰਾ ਕਾਰਨ ਹੋਇਆ, ਪਰ ਉਹ ਹਰ ਵਾਰ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਖੜ੍ਹੇ ਹੋ ਕੇ ਇਹੀ ਮਹਿਸੂਸ ਕਰਦੇ ਹਨ ਕਿ “ਮੈਂ ਹੁਣ ਮੈਂ ਨਹੀਂ, ਤੂੰ ਬਣ ਗਿਆ ਹਾਂ। ਮੇਰੇ ਮੋਢਿਆਂ ’ਤੇ ਤੇਰਾ ਆਖਰੀ ਸਮੇਂ ਦਾ ਭਾਰ ਅਤੇ ਤੇਰਾ ਮਾਸੂਮ ਚੁੱਪ ਪਿਆ ਚਿਹਰਾ ਹੀ ਮਹਿਸੂਸ ਹੁੰਦਾ ਹੈ।”
ਬਲਕੌਰ ਸਿੰਘ ਨੇ ਆਪਣੇ ਵਿਰੋਧੀਆਂ ਅਤੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ, “ਜੇ ਤੁਸੀਂ ਮੇਰੇ ਜਿਹਾ ਸੰਤਾਪ ਸਹਿਣ ਕੀਤਾ ਹੁੰਦਾ, ਤਾਂ ਤੁਸੀਂ ਵੀ ਅੱਜ ਮੇਰੇ ਜਿਹੇ ਹੁੰਦੇ।” ਉਨ੍ਹਾਂ ਨੇ ਕਿਹਾ ਕਿ ਹੁਣ ਉਹ ਜ਼ਿਆਦਾ ਨਹੀਂ ਬੋਲਦੇ, ਨਾ ਹੀ ਜ਼ਿਆਦਾ ਹੱਸਦੇ ਹਨ। ਇਕੱਲੇ ਰਹਿਣਾ ਅਤੇ ਸੋਚਣਾ ਉਨ੍ਹਾਂ ਨੂੰ ਚੰਗਾ ਲੱਗਦਾ ਹੈ। “ਪਰ ਅੱਜ ਦਿਲ ਕੀਤਾ ਕਿ ਇਹ ਗੱਲਾਂ ਸਾਂਝੀਆਂ ਕਰਾਂ, ਕਿਉਂਕਿ ਤੇਰੇ ਜਾਣ ਮਗਰੋਂ ਵੀ ਜੀਅ ਜਿਹਾ ਨਹੀਂ ਲੱਗਦਾ। ਤੇਰੀਆਂ ਯਾਦਾਂ ਦੇ ਖਿਆਲਾਂ ਵਿੱਚ ਤੇਰਾ ਬਾਪੂ,” ਉਨ੍ਹਾਂ ਨੇ ਦਰਦ ਨਾਲ ਲਿਖਿਆ।
ਇਸ ਸੁਨੇਹੇ ਨੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਅਤੇ ਸਿੱਖ ਸਮਾਜ ਵਿੱਚ ਡੂੰਘਾ ਅਸਰ ਪਾਇਆ ਹੈ। ਬਲਕੌਰ ਸਿੰਘ ਦੇ ਇਸ ਦਰਦਭਰੇ ਸੁਨੇਹੇ ਨੇ ਇੱਕ ਵਾਰ ਫਿਰ ਸਿੱਧੂ ਦੀ ਬੇਵਕਤ ਮੌਤ ਦੇ ਜ਼ਖ਼ਮਾਂ ਨੂੰ ਤਾਜ਼ਾ ਕਰ ਦਿੱਤਾ, ਜੋ ਅੱਜ ਵੀ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਲਈ ਅਸਹਿ ਸੱਟ ਹੈ।

By Gurpreet Singh

Leave a Reply

Your email address will not be published. Required fields are marked *