ਪੰਜਾਬ ਵਿੱਚ ਹੜ੍ਹ ਕਾਰਨ ਹਾਲਾਤ ਗੰਭੀਰ, ਸਿਤਾਰਿਆਂ ਨੇ ਕੀਤੀ ਮਦਦ ਦੀ ਅਪੀਲ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿੱਚ ਹੜ੍ਹ ਕਾਰਨ ਹਾਲਾਤ ਲਗਾਤਾਰ ਵਿਗੜ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਸ਼ਾਂ ਅਤੇ ਪਾਣੀ ਛੱਡੇ ਜਾਣ ਕਾਰਨ ਕਈ ਪਿੰਡ, ਖੇਤ ਅਤੇ ਸ਼ਹਿਰ ਦੇ ਹਿੱਸੇ ਪਾਣੀ ਹੇਠ ਆ ਗਏ ਹਨ। ਲੋਕਾਂ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਘਿਰ ਗਈ ਹੈ। ਪਰਿਵਾਰਾਂ ਨੂੰ ਘਰ ਛੱਡਣੇ ਪਏ ਹਨ, ਕਿਸਾਨਾਂ ਦੀ ਖੇਤੀ ਤਬਾਹ ਹੋ ਗਈ ਹੈ ਅਤੇ ਬੱਚੇ ਵੀ ਹੜ੍ਹ ਦੇ ਪਾਣੀ ਵਿੱਚ ਫਸੇ ਹੋਏ ਹਨ।

ਵੱਡਾ ਆਰਥਿਕ ਅਤੇ ਜਾਨੀ ਨੁਕਸਾਨ

ਇਸ ਹੜ੍ਹ ਕਾਰਨ ਪੰਜਾਬ ਦੇ ਕਿਸਾਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਖੇਤਾਂ ਵਿੱਚ ਖੜ੍ਹੀਆਂ ਫਸਲਾਂ ਪੂਰੀ ਤਰ੍ਹਾਂ ਨਾਸ ਹੋ ਗਈਆਂ ਹਨ। ਕਈ ਥਾਵਾਂ ‘ਤੇ ਘਰਾਂ ਵਿੱਚ ਪਾਣੀ ਘੁੱਸ ਗਿਆ ਹੈ, ਜਿਸ ਕਾਰਨ ਘਰੇਲੂ ਸਮਾਨ ਖਰਾਬ ਹੋ ਗਿਆ ਹੈ। ਪਸ਼ੂਆਂ ਦੀਆਂ ਮੌਤਾਂ ਵੀ ਦਰਜ ਕੀਤੀਆਂ ਜਾ ਰਹੀਆਂ ਹਨ, ਅਤੇ ਕੁਝ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਕਰਨੀ ਪਈ ਹੈ। ਸਰਕਾਰ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ ਪਰ ਹਾਲਾਤਾਂ ‘ਤੇ ਕਾਬੂ ਪਾਉਣ ਲਈ ਵੱਡੇ ਪੱਧਰ ‘ਤੇ ਮਦਦ ਦੀ ਲੋੜ ਹੈ।

ਸੋਸ਼ਲ ਮੀਡੀਆ ‘ਤੇ ਸਿਤਾਰਿਆਂ ਦੀ ਚਿੰਤਾ ਅਤੇ ਮਦਦ ਦੀ ਅਪੀਲ

ਪੰਜਾਬ ਦੇ ਕਈ ਪ੍ਰਸਿੱਧ ਗਾਇਕਾਂ ਅਤੇ ਕਲਾਕਾਰਾਂ ਨੇ ਇਸ ਮੁਸ਼ਕਲ ਘੜੀ ਵਿੱਚ ਲੋਕਾਂ ਨੂੰ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।

  • ਜੋਰਡਨ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਲਿਖਿਆ:
    “ਪੰਜਾਬ ਦੀ ਹੜ੍ਹ ਸਥਿਤੀ ਦਿਲ ਤੋੜਣ ਵਾਲੀ ਹੈ। ਪਰਿਵਾਰ, ਕਿਸਾਨ ਅਤੇ ਬੱਚੇ ਪਾਣੀ ਵਿੱਚ ਫਸੇ ਹੋਏ ਹਨ। ਆਓ ਇੱਕੱਠੇ ਹੋਈਏ, ਜਾਗਰੂਕਤਾ ਫੈਲਾਈਏ ਅਤੇ ਜਿਨ੍ਹਾਂ ਨੂੰ ਲੋੜ ਹੈ, ਉਹਨਾਂ ਦੀ ਮਦਦ ਕਰੀਏ।” ਜਿਸਨੂੰ ਪੰਜਾਬੀ ਕਲਾਕਾਰ ਰੂਪੀ ਗਿੱਲ ਨੇ ਵੀ ਆਪਣੀ ਸਟੋਰੀ ਵਿੱਚ ਲਗਾਇਆ ਹੈ।
  • ਬੱਬੂ ਮਾਨ ਨੇ ਆਪਣੇ ਸ਼ਬਦਾਂ ਵਿੱਚ ਦੁੱਖ ਪ੍ਰਗਟਾਇਆ:
    “ਦਿਨ ਚੜ੍ਹਦੇ ਨੂੰ ਪੈ ਗਿਆ ਡਾਕਾ, ਅੱਖਾਂ ਮੂਹਰੇ ਆ ਗਿਆ ਨਹਿਰਾ। ਕਿਸ ਨੂੰ ਪੁੱਛ ਕੇ ਫਲੱਡ ਗੇਟ ਖੋਲ੍ਹਤੇ, ਡੁੱਬ ਗਿਆ ਪੰਜਾਬ ਮੇਰਾ।”
  • ਦਿਲਜੀਤ ਦੋਸਾਂਝ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ:
    “ਇਹ ਸਮਾਂ ਇੱਕੱਠੇ ਹੋਣ ਦਾ ਹੈ। ਆਓ ਜੋ ਕੁਝ ਕਰ ਸਕਦੇ ਹਾਂ, ਉਹ ਕਰੀਏ ਤਾਂ ਜੋ ਲੋੜਵੰਦਾਂ ਦੀ ਮਦਦ ਹੋ ਸਕੇ। #StandWithਪੰਜਾਬ”

ਲੋਕਾਂ ਵਾਸਤੇ ਅਪੀਲ

ਪ੍ਰਸ਼ਾਸਨ ਵੱਲੋਂ ਰਾਹਤ ਸ਼ਿਵਿਰ ਬਣਾਏ ਗਏ ਹਨ ਅਤੇ ਫੌਜ ਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਰਹੀਆਂ ਹਨ। ਹਾਲਾਂਕਿ ਹਾਲਾਤ ਹਜੇ ਵੀ ਗੰਭੀਰ ਹਨ ਅਤੇ ਹੋਰ ਬਾਰਸ਼ ਹੋਣ ਦੀ ਸੰਭਾਵਨਾ ਵੀ ਜ਼ਾਹਰ ਕੀਤੀ ਜਾ ਰਹੀ ਹੈ।

ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ:

  • ਗਲਤ ਖ਼ਬਰਾਂ ਨਾ ਫੈਲਾਉਣ।
  • ਰਾਹਤ ਕਾਰਜਾਂ ਵਿੱਚ ਸਹਿਯੋਗ ਦੇਣ।
  • ਹੜ੍ਹ ਪ੍ਰਭਾਵਿਤ ਲੋਕਾਂ ਲਈ ਖਾਣ-ਪੀਣ ਦੀਆਂ ਚੀਜ਼ਾਂ, ਦਵਾਈਆਂ ਅਤੇ ਲੋੜੀਂਦਾ ਸਮਾਨ ਦਾਨ ਕਰਨ।

ਸੋਸ਼ਲ ਮੀਡੀਆ ‘ਤੇ ਚਲ ਰਿਹਾ ਮੁਹਿੰਮ

#PrayForPunjab, #GurdaspurFloods ਅਤੇ #StayStrongPunjab ਵਰਗੇ ਹੈਸ਼ਟੈਗ ਨਾਲ ਕਈ ਲੋਕ ਜਾਗਰੂਕਤਾ ਫੈਲਾ ਰਹੇ ਹਨ। ਇਹ ਸਿਰਫ ਇੱਕ ਪ੍ਰਾਕ੍ਰਿਤਕ ਆਫਤ ਨਹੀਂ, ਸਗੋਂ ਇੱਕ ਵੱਡਾ ਸੰਕਟ ਹੈ ਜਿਸ ਦਾ ਮੁਕਾਬਲਾ ਕਰਨ ਲਈ ਪੰਜਾਬੀਆਂ ਨੂੰ ਇੱਕੱਠੇ ਹੋਣਾ ਪਵੇਗਾ।

By Gurpreet Singh

Leave a Reply

Your email address will not be published. Required fields are marked *