ਕਿਰਪਾਨ ਉਤਾਰਨ ਦੀ ਮੰਗ, ਸੰਵਿਧਾਨੀ ਹੱਕਾਂ ਤੇ ਸਿੱਖ ਪਹਿਚਾਣ ਉੱਤੇ ਹਮਲਾ: ਸੱਥ
ਜੈਪੁਰ ਇਮਤਿਹਾਨ ‘ਚ ਅਮ੍ਰਿਤਧਾਰੀ ਬੀਬੀ ਨਾਲ ਹੋਏ ਭੇਦਭਾਵ ਦੇ ਵਿਰੋਧ ‘ਚ GNDU ਵਿਦਿਆਰਥੀਆਂ ਵੱਲੋਂ ਰੋਸ ਮਾਰਚ
ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ, 29 ਜੁਲਾਈ (ਕਰਨਵੀਰ ਸਿੰਘ): ਜੈਪੁਰ ਵਿਖੇ ਅਮ੍ਰਿਤਧਾਰੀ ਸਿੱਖ ਵਿਦਿਆਰਥਣ ਗੁਰਪ੍ਰੀਤ ਕੌਰ ਨਾਲ ਜੁਡੀਸ਼ਰੀ ਇਮਤਿਹਾਨ ਦੌਰਾਨ ਹੋਏ ਭੇਦਭਾਵ ਦੇ ਵਿਰੋਧ ‘ਚ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ‘ਚ ਵਿਦਿਆਰਥੀ ਜਥੇਬੰਦੀ “ਸੱਥ” ਵੱਲੋਂ ਰੋਸ ਮਾਰਚ ਕੱਢਿਆ ਗਿਆ।
ਇਹ ਮਾਰਚ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਫਾਂਊਟੇਨ ਚੌਕ ਤੱਕ ਨਾਅਰੇਬਾਜ਼ੀ ਕਰਦਿਆਂ ਪਹੁੰਚਿਆ। ਮਾਰਚ ਵਿੱਚ ਲਗਭਗ 200 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਜੈਪੁਰ ‘ਚ ਗੁਰਪ੍ਰੀਤ ਕੌਰ ਨਾਲ ਹੋਈ ਧਾਰਮਿਕ ਭੇਦਭਾਵੀ ਘਟਨਾ ਦੇ ਵਿਰੋਧ ‘ਚ ਅਵਾਜ਼ ਬੁਲੰਦ ਕੀਤੀ।
ਜ਼ਿਕਰਯੋਗ ਹੈ ਕਿ ਗੁਰਪ੍ਰੀਤ ਕੌਰ, ਜੋ ਕਿ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੀ ਲਾਅ ਡਿਪਾਰਟਮੈਂਟ ਦੀ ਹੀ ਪੁਰਾਣੀ ਵਿਦਿਆਰਥਣ ਹੈ, ਨੂੰ ਜੈਪੁਰ ਵਿੱਚ ਜੁਡੀਸ਼ਰੀ ਇਮਤਿਹਾਨ ਦੌਰਾਨ ਆਪਣੀ ਕਿਰਪਾਨ ਉਤਾਰਣ ਲਈ ਕਿਹਾ ਗਿਆ ਸੀ। ਜਦੋਂ ਉਸਨੇ ਇਹ ਕਰਨ ਤੋਂ ਇਨਕਾਰ ਕੀਤਾ, ਤਾਂ ਉਸਨੂੰ ਇਮਤਿਹਾਨ ਹਾਲ ‘ਚ ਦਾਖਲਾ ਦੇਣ ਤੋਂ ਮੰਨ੍ਹਾ ਕਰ ਦਿੱਤਾ ਗਿਆ। ਸਿੱਖ ਧਰਮ ਵਿੱਚ ਕਿਰਪਾਨ ਪੰਜ ਕਕਾਰਾਂ ‘ਚੋਂ ਇੱਕ ਹੋਣ ਕਰਕੇ ਇਹ ਮੰਗ ਧਾਰਮਿਕ ਆਜ਼ਾਦੀ ਦੀ ਉਲੰਘਣਾ ਵਜੋਂ ਵੇਖੀ ਜਾ ਰਹੀ ਹੈ।
ਸੱਥ ਦੇ ਕਨਵੀਨਰ ਜੁਝਾਰ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ, “ਇਹ ਸਿਰਫ ਇੱਕ ਵਿਦਿਆਰਥਣ ਨਾਲ ਨਹੀਂ, ਸਗੋਂ ਪੂਰੀ ਸਿੱਖ ਕੌਮ ਦੀ ਪਹਿਚਾਣ ਨਾਲ ਭੇਦਭਾਵ ਹੈ। ਅਮ੍ਰਿਤਧਾਰੀ ਵਿਅਕਤੀ ਤੋਂ ਕਿਰਪਾਨ ਉਤਾਰਨ ਦੀ ਮੰਗ ਕਰਨਾ ਭਾਰਤੀ ਸੰਵਿਧਾਨ ਵਿੱਚ ਦਿੱਤੇ ਧਾਰਮਿਕ ਹੱਕਾਂ ਦੀ ਸਿੱਧੀ ਉਲੰਘਣਾ ਹੈ।”
ਉੱਥੇ ਹੀ ਮੋਜੂਦ ਜਸਕਰਨ ਸਿੰਘ, ਜੋ ਕਿ ਵਿਦਿਆਰਥੀ ਆਗੂ ਹਨ, ਨੇ ਦਾਅਵਾ ਕੀਤਾ ਕਿ ਇਹ ਸਿਰਫ ਇਮਤਿਹਾਨੀ ਘਟਨਾ ਨਹੀਂ, ਸਗੋਂ ਇਹ ਸਿੱਖਾਂ ਨੂੰ ਸਰਕਾਰੀ ਨੌਕਰੀਆਂ ਤੋਂ ਦੂਰ ਰੱਖਣ ਦੀ ਯੋਜਨਾਬੱਧ ਕੋਸ਼ਿਸ਼ ਵੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀਆਂ ਅਤੇ ਹੋਰ ਸਰਕਾਰੀ ਵਿਭਾਗਾਂ ਵਿੱਚ ਪੰਜਾਬ ਤੋਂ ਬਾਹਰ ਦੇ ਕਰਮਚਾਰੀਆਂ ਦੀ ਭਰਤੀ ਵਧ ਰਹੀ ਹੈ, ਜਿਸ ਨਾਲ ਸਥਾਨਕ ਅਤੇ ਯੋਗ ਸਿੱਖ ਨੌਜਵਾਨ ਪਿੱਛੇ ਧੱਕੇ ਖਾ ਰਹੇ ਹਨ।
ਮੌਜੂਦ, ਇੰਦਰਜੀਤ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਆਪਣੇ ਹੱਕਾਂ ਲਈ ਸੁਚੇਤ ਹੋਣ ਅਤੇ ਇਕੱਠੇ ਹੋਣ ਦੀ ਲੋੜ ਹੈ, ਤਾਂ ਜੋ ਅਜਿਹੀਆਂ ਘਟਨਾਵਾਂ ਵਿਰੁੱਧ ਇੱਕ ਸੰਗਠਿਤ ਰੂਪ ਵਿੱਚ ਲੜਿਆ ਜਾ ਸਕੇ।
ਮਾਰਚ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਇਆ ਅਤੇ ਵਿਦਿਆਰਥੀਆਂ ਨੇ ਸਿੱਖ ਪਹਿਚਾਣ, ਧਾਰਮਿਕ ਆਜ਼ਾਦੀ ਅਤੇ ਨੌਕਰੀ ‘ਚ ਨਿਆਂ ਦੀ ਮੰਗ ਕੀਤੀ।
ਘਟਨਾ: ਕੀ ਹੋਇਆ ਸੀ ਗੁਰਪ੍ਰੀਤ ਕੌਰ ਨਾਲ?
25 ਜੁਲਾਈ 2025 ਨੂੰ ਜੈਪੁਰ ਵਿਖੇ ਹੋ ਰਹੇ ਜੁਡੀਸ਼ਰੀ ਇਮਤਿਹਾਨ ਦੌਰਾਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪੁਰਾਣੀ ਵਿਦਿਆਰਥਣ ਅਤੇ ਅਮ੍ਰਿਤਧਾਰੀ ਸਿੱਖ ਲੜਕੀ ਗੁਰਪ੍ਰੀਤ ਕੌਰ ਨੂੰ ਕੇਂਦਰ ਵਿੱਚ ਕਿਰਪਾਨ ਪਹਿਨਣ ਕਰਕੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਇਮਤਿਹਾਨ ਸੈਂਟਰ ਦੇ ਅਧਿਕਾਰੀਆਂ ਨੇ ਉਸ ਤੋਂ ਕਿਰਪਾਨ ਉਤਾਰਨ ਦੀ ਮੰਗ ਕੀਤੀ, ਜਿਸਨੂੰ ਗੁਰਪ੍ਰੀਤ ਨੇ ਆਪਣੇ ਧਾਰਮਿਕ ਹੱਕਾਂ ਦੇ ਹਵਾਲੇ ਨਾਲ ਠੁਕਰਾ ਦਿੱਤਾ। ਇਸ ਤੋਂ ਬਾਅਦ ਉਸਨੂੰ ਇਮਤਿਹਾਨ ਹਾਲ ‘ਚ ਦਾਖਲਾ ਨਹੀਂ ਦਿੱਤਾ ਗਿਆ ਅਤੇ ਉਸ ਦੀ ਪ੍ਰਵੇਸ਼ੀ ਰੱਦ ਕਰ ਦਿੱਤੀ ਗਈ।

ਇਹ ਘਟਨਾ ਨਾ ਸਿਰਫ਼ ਸਿੱਖ ਧਰਮ ਦੀ ਪਹਿਚਾਣ ਨੂੰ ਚੁਣੌਤੀ ਦੇਣ ਵਾਲੀ ਹੈ, ਸਗੋਂ ਭਾਰਤੀ ਸੰਵਿਧਾਨ ਅਧੀਨ ਦਿੱਤੇ ਧਾਰਮਿਕ ਅਧਿਕਾਰਾਂ ਦੀ ਖੁੱਲ੍ਹੀ ਉਲੰਘਣਾ ਵਜੋਂ ਵੀ ਦੇਖੀ ਜਾ ਰਹੀ ਹੈ। ਇਹੀ ਕਾਰਨ ਸੀ ਕਿ ਵਿਦਿਆਰਥੀਆਂ ਵਿੱਚ ਰੋਸ ਵਧਿਆ ਅਤੇ GNDU ‘ਚ ਰੋਸ ਮਾਰਚ ਕੱਢਿਆ ਗਿਆ।
ਇਹ ਰੋਸ ਕੇਵਲ ਵਿਦਿਆਰਥੀ ਪੱਧਰ ਤੱਕ ਸੀਮਿਤ ਨਹੀਂ, ਸਗੋਂ ਇਸਤੋਂ ਪਹਿਲਾਂ SGPC, ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਅਕਾਲੀ ਦਲ ਸਮੇਤ ਕਈ ਧਾਰਮਿਕ ਅਤੇ ਸਿਆਸੀ ਧਿਰਾਂ ਨੇ ਵੀ ਇਸ ਘਟਨਾ ‘ਤੇ ਤਿੱਖੀ ਪ੍ਰਤਿਕ੍ਰਿਆ ਦਿੱਤੀ। SGPC ਦੇ ਮੁੱਖ ਸਚਿਵ ਗੁਰਚਰਨ ਸਿੰਘ ਗਰੇਵਾਲ ਨੇ ਇਸਨੂੰ ਸਿੱਖ ਪਹਿਚਾਣ ‘ਤੇ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਅਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਦੇ ਮਨੋਵਿਗਿਆਨ ‘ਤੇ ਗੰਭੀਰ ਅਸਰ ਪੈਂਦੇ ਹਨ। ਉਨ੍ਹਾਂ ਰਾਜਸਥਾਨ ਸਰਕਾਰ ਤੋਂ ਮੁਆਫੀ ਅਤੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ।
ਇਸੇ ਤਰ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਵੀ ਇਨ੍ਹਾਂ ਕਾਰਵਾਈਆਂ ਨੂੰ ਸੰਵਿਧਾਨ ਅਤੇ ਸਿੱਖ ਨੈਤਿਕਤਾ ਦੀ ਉਲੰਘਣਾ ਦੱਸਦਿਆਂ ਕਿਹਾ ਕਿ ਇਹ ਮਾਮਲਾ ਕੇਵਲ ਇੱਕ ਵਿਅਕਤੀ ਦੀ ਹੱਕ ਉਲੰਘਣਾ ਨਹੀਂ, ਸਗੋਂ ਪੂਰੇ ਪੰਥ ਦੇ ਅਧਿਕਾਰਾਂ ਲਈ ਚੁਣੌਤੀ ਹੈ। ਉਨ੍ਹਾਂ ਨੇ SGPC ਨੂੰ ਅਪੀਲ ਕੀਤੀ ਕਿ ਮਾਮਲੇ ਦੀ ਪੂਰੀ ਜਾਂਚ ਕਰਕੇ ਕੇਂਦਰ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ ਨੂੰ ਚਿੱਠੀ ਰਾਹੀਂ ਸਖ਼ਤ ਸੰਦੇਸ਼ ਦਿੱਤਾ ਜਾਵੇ।
ਸਿਆਸੀ ਪੱਧਰ ‘ਤੇ ਵੀ ਇਸ ਮਾਮਲੇ ਨੇ ਗੰਭੀਰ ਸਰਗਰਮੀ ਪੈਦਾ ਕੀਤੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮਾਮਲੇ ਵਿੱਚ ਹਸਤਖ਼ੇਪ ਕਰਨ ਦੀ ਮੰਗ ਕੀਤੀ ਅਤੇ ਰਾਜਸਥਾਨ ਹਾਈ ਕੋਰਟ ਨੂੰ ਅਜੇਹੀਆਂ ਨਿਰਦੇਸ਼ਿਕਾਵਾਂ ਜਾਰੀ ਕਰਨ ਦੀ ਅਪੀਲ ਕੀਤੀ ਜਿੱਥੇ ਅਮ੍ਰਿਤਧਾਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਕਾਰਾਂ ਨਾਲ ਇਮਤਿਹਾਨਾਂ ਵਿੱਚ ਬੈਠਣ ਦੀ ਆਜ਼ਾਦੀ ਮਿਲੇ।
ਫਿਲਹਾਲ, ਇਸ ਮਾਮਲੇ ਵਿੱਚ ਰਾਜਸਥਾਨ ਹਾਈ ਕੋਰਟ ਜਾਂ ਪੂਰਨਿਮਾ ਯੂਨੀਵਰਸਿਟੀ ਵੱਲੋਂ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ। ਨਾਂ ਹੀ ਕਿਸੇ ਅਧਿਕਾਰੀ ਵਿਰੁੱਧ ਕਿਸੇ ਤਰ੍ਹਾਂ ਦੀ ਜਾਂਚ ਜਾਂ ਕਾਰਵਾਈ ਦੀ ਪੁਸ਼ਟੀ ਹੋਈ ਹੈ। ਹਾਲਾਂਕਿ SGPC ਨੇ ਲਿਖਤੀ ਤੌਰ ‘ਤੇ ਇਨਸਾਫ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਵਿਦਿਆਰਥਣ ਨੂੰ ਮੁੜ ਇਮਤਿਹਾਨ ਦੇਣ ਦੀ ਇਜਾਜ਼ਤ ਮਿਲੇ, ਇਸ ਲਈ ਮਾਮਲਾ ਅਜੇ ਵੀ ਚਰਚਾ ‘ਚ ਹੈ।
