ਬਠਿੰਡਾ (ਗੁਰਪ੍ਰੀਤ ਸਿੰਘ): ਪ੍ਰਸਿੱਧ ਇੰਸਟਾਗ੍ਰਾਮ ਇੰਫਲੂਐਂਸਰ ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ ਦੀ ਲਾਸ਼ ਬਠਿੰਡਾ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿਚ ਖੜ੍ਹੀ ਇੱਕ ਈਓਨ ਕਾਰ ਵਿਚੋਂ ਮਿਲਣ ਨਾਲ ਸੋਸ਼ਲ ਮੀਡੀਆ ਅਤੇ ਸੂਬਾ ਦੋਹਾਂ ਹਿਲ ਗਏ ਹਨ। ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੀ ਰਹਿਣ ਵਾਲੀ 28 ਸਾਲਾ ਕੰਚਨ ਕੁਮਾਰੀ ਦੀ ਮੌਤ ਨੂੰ ਲੈ ਕੇ ਕਤਲ ਦੀ ਆਸ਼ੰਕਾ ਜਤਾਈ ਜਾ ਰਹੀ ਹੈ।
ਸਵੇਰੇ ਆਈ ਕਾਰ, ਦੋ ਦਿਨ ਬਾਅਦ ਮਿਲੀ ਲਾਸ਼
ਸੀਸੀਟੀਵੀ ਫੁਟੇਜ ਅਨੁਸਾਰ, 10 ਜੂਨ ਦੀ ਸਵੇਰ 5:33 ਵਜੇ ਇੱਕ ਨੌਜਵਾਨ ਈਓਨ ਕਾਰ ਹਸਪਤਾਲ ਦੀ ਪਾਰਕਿੰਗ ‘ਚ ਲਿਆਉਂਦਾ ਹੈ, ਕਾਰ ਪਾਰਕ ਕਰਦਾ ਹੈ ਅਤੇ ਫੋਨ ‘ਤੇ ਗੱਲ ਕਰਦਿਆਂ ਨਜ਼ਰ ਆਉਂਦਾ ਹੈ। ਉਸ ਤੋਂ ਬਾਅਦ ਉਹ ਥਾਂ ਤੋਂ ਚਲਾ ਜਾਂਦਾ ਹੈ। ਦੋ ਦਿਨ ਬਾਅਦ ਜਦੋਂ ਕਾਰ ਵਿਚੋਂ ਬਦਬੂ ਆਉਣੀ ਸ਼ੁਰੂ ਹੋਈ ਤਾਂ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਸਹਾਰਾ ਜਨ ਸੇਵਾ ਸੰਸਥਾ ਦੇ ਵੋਲੰਟੀਅਰ ਸੰਦੀਪ ਸਿੰਘ ਨੇ ਦੱਸਿਆ ਕਿ ਕਾਰ ਅੰਦਰੋਂ ਲਾਕ ਸੀ ਅਤੇ ਜਦੋਂ ਕਾਰ ਖੋਲ੍ਹੀ ਗਈ ਤਾਂ ਪਿੱਛਲੀ ਸੀਟ ‘ਤੇ ਔਰਤ ਦੀ ਲਾਸ਼ ਮਿਲੀ ਜਿਸਦੀ ਪਛਾਣ ਕੰਚਨ ਕੁਮਾਰੀ ਵਜੋਂ ਹੋਈ। ਲਾਸ਼ ਦੀ ਹਾਲਤ ਦੇਖ ਕੇ ਲੱਗਦਾ ਹੈ ਕਿ ਮੌਤ ਨੂੰ 48-72 ਘੰਟੇ ਹੋ ਚੁੱਕੇ ਸਨ।
ਕੌਣ ਸੀ ‘ਕਮਲ ਕੌਰ ਭਾਬੀ’?
ਕਮਲ ਕੌਰ ਭਾਬੀ ਸੋਸ਼ਲ ਮੀਡੀਆ ‘ਤੇ ਆਪਣੇ ਵਿਵਾਦਤ ਅਤੇ ਅਕਸਰ ਅਸ਼ਲੀਲ ਵੀਡੀਓਜ਼ ਲਈ ਮਸ਼ਹੂਰ ਸੀ। ਇੰਸਟਾਗ੍ਰਾਮ ‘ਤੇ ਉਸਦੇ 3.86 ਲੱਖ ਤੋਂ ਵੱਧ ਫਾਲੋਅਰ ਸਨ।
7 ਮਹੀਨੇ ਪਹਿਲਾਂ ਉਸ ਨੂੰ ਖਾਲਿਸਤਾਨੀ ਆਤੰਕੀ ਅਰਸ਼ ਡੱਲਾ ਵੱਲੋਂ ਜਾਨੋ ਮਾਰਨ ਦੀ ਧਮਕੀ ਮਿਲੀ ਸੀ। ਇਕ ਆਡੀਓ ਵੀ ਵਾਇਰਲ ਹੋਇਆ ਸੀ ਜਿਸ ਵਿੱਚ ਆਤੰਕੀ ਇਹ ਕਹਿੰਦਾ ਸੁਣਿਆ ਗਿਆ ਕਿ “ਜੇ ਪਰਿਵਾਰ ‘ਚੋਂ ਕੋਈ ਮਰ ਵੀ ਜਾਵੇ, ਤਾਂ ਵੀ ਕੋਈ ਗੱਲ ਨਹੀਂ।”
ਜਾਂਚ ਵਿਚ ਲੱਗੀ ਪੁਲਿਸ, ਕਈ ਸਵਾਲ ਬਾਕੀ
ਕਮਲ ਕੌਰ ਨੇ 9 ਜੂਨ ਨੂੰ ਪਰਿਵਾਰ ਨੂੰ ਦੱਸਿਆ ਕਿ ਉਹ ਬਠਿੰਡਾ ਕਿਸੇ ਪ੍ਰਮੋਸ਼ਨਲ ਇਵੈਂਟ ਲਈ ਜਾ ਰਹੀ ਹੈ। ਉਸ ਦੀ ਲਾਸ਼ ਉਸ ਦੀ ਆਪਣੀ ਕਾਰ ਵਿਚੋਂ ਮਿਲੀ — ਜਿਸ ਨੇ ਮਾਮਲੇ ਨੂੰ ਹੋਰ ਸੰਗੀਨ ਬਣਾ ਦਿੱਤਾ ਹੈ।
ਐਸਪੀ ਸਿਟੀ ਨਰਿੰਦਰ ਸਿੰਘ ਅਨੁਸਾਰ, ਹਾਲੇ ਤੱਕ ਘਟਨਾ ਸਥਾਨ ਤੋਂ ਕੋਈ ਖਾਸ ਦਸਤਾਵੇਜ਼ ਨਹੀਂ ਮਿਲੇ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦਾ ਅਸਲੀ ਕਾਰਨ ਪਤਾ ਲੱਗੇਗਾ।
ਪੁਲਿਸ ਨੇ ਪੰਜ ਜਾਂਚ ਟੀਮਾਂ ਬਣਾਈਆਂ ਹਨ ਜੋ ਇਹ ਪਤਾ ਲਾ ਰਹੀਆਂ ਹਨ ਕਿ ਕਤਲ ਕਿਸ ਨੇ ਕੀਤਾ? ਅਤੇ ਲਾਸ਼ ਨੂੰ ਆਦੇਸ਼ ਹਸਪਤਾਲ ਦੀ ਪਾਰਕਿੰਗ ਤੱਕ ਕਿਵੇਂ ਲਿਆਂਦਾ ਗਿਆ?
