ਨੈਸ਼ਨਲ ਟਾਈਮਜ਼ ਬਿਊਰੋ :- ਫਤਿਹਗੜ੍ਹ ਸਾਹਿਬ ਦੇ ਬੱਸੀਆਂ ਪਠਾਨਾ ਦੇ ਪਿੰਡ ਪੌਤ ਵਿੱਚ ਇਕ ਦਰਦਨਾਕ ਵਾਕਿਆ ਸਾਹਮਣੇ ਆਇਆ ਹੈ। ਇੱਥੇ ਇਕ ਪੁੱਤਰ ਨੇ ਆਪਣੇ ਹੀ ਪਿਤਾ ਦੀ ਬੇਰਹਮੀ ਨਾਲ ਕੈਂਚੀ ਨਾਲ ਵਾਰ ਕਰਕੇ ਹੱਤਿਆ ਕਰ ਦਿੱਤੀ। ਹੱਤਿਆ ਦੀ ਵਜ੍ਹਾ ਸਿਰਫ਼ ਇਨ੍ਹੀ ਸੀ ਕਿ ਪੁੱਤਰ ਨੇ ਆਪਣੇ ਜਨਮਦਿਨ ਤੇ ਪਿਤਾ ਤੋਂ 5 ਹਜ਼ਾਰ ਰੁਪਏ ਮੰਗੇ ਸਨ ਪਰ ਪਿਤਾ ਉਸਨੂੰ ਸਿਰਫ਼ 1 ਹਜ਼ਾਰ ਰੁਪਏ ਦੇ ਰਹੇ ਸਨ।
ਮ੍ਰਿਤਕ ਦੀ ਪਹਿਚਾਣ ਪੌਤ ਨਿਵਾਸੀ ਪਰਮਜੀਤ ਸਿੰਘ (44) ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਉਸ ਦੇ ਪੁੱਤਰ ਵਰਿੰਦਰਜੀਤ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਵਾਰਦਾਤ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ ਜਿਸ ਦੀ ਪੁਲਿਸ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ।
ਥਾਣਾ ਬਡਾਲੀ ਆਲਾ ਸਿੰਘ ਦੇ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਰਾਤ ਕਰੀਬ 9 ਵਜੇ ਦੀ ਹੈ। ਵਰਿੰਦਰਜੀਤ ਸਿੰਘ ਦਾ ਜਨਮਦਿਨ ਸੀ ਅਤੇ ਉਹ ਖ਼ਰਚ ਲਈ ਪਿਤਾ ਤੋਂ 5 ਹਜ਼ਾਰ ਰੁਪਏ ਮੰਗ ਰਿਹਾ ਸੀ। ਪਿਤਾ ਵੱਲੋਂ 1 ਹਜ਼ਾਰ ਰੁਪਏ ਦੇਣ ‘ਤੇ ਉਸ ਨੇ ਗੁੱਸੇ ਵਿੱਚ ਆ ਕੇ ਪਿਤਾ ਨੂੰ ਕਮਰੇ ਵਿੱਚ ਲੈ ਜਾ ਕੇ ਕੈਂਚੀ ਨਾਲ ਵਾਰ ਕਰ ਦਿੱਤਾ। ਜ਼ਖ਼ਮੀ ਪਰਮਜੀਤ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤ ਐਲਾਨ ਦਿੱਤਾ।
