ਸੋਨੀਆ ਗਾਂਧੀ ਦਾ ਵੱਡਾ ਬਿਆਨ : ਈਰਾਨ ਪੁਰਾਣਾ ਦੋਸਤ, ਭਾਰਤ ਦੀ ਚੁੱਪ ਪ੍ਰੇਸ਼ਾਨ ਕਰ ਰਹੀ

ਨੈਸ਼ਨਲ ਟਾਈਮਜ਼ ਬਿਊਰੋ :- ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਨੇ ਗਾਜ਼ਾ ਦੀ ਸਥਿਤੀ ਅਤੇ ਇਜ਼ਰਾਈਲ-ਈਰਾਨ ਫੌਜੀ ਟਕਰਾਅ ’ਤੇ ਚੁੱਪ ਰਹਿ ਕੇ ਭਾਰਤ ਦੇ ਸਿਧਾਂਤਕ ਸਟੈਂਡ ਤੇ ਕਦਰਾਂ-ਕੀਮਤਾਂ ਨੂੰ ਛਿੱਕੇ ’ਤੇ ਟੰਗ ਦਿੱਤਾ ਹੈ। ਕਾਂਗਰਸ ਦੀ ਸਾਬਕਾ ਪ੍ਰਧਾਨ ਨੇ ਸ਼ਨੀਵਾਰ ਇਕ ਲੇਖ ’ਚ ਕਿਹਾ ਕਿ ਸਰਕਾਰ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤੇ ਪੱਛਮੀ ਏਸ਼ੀਆ ’ਚ ਗੱਲਬਾਤ ਨੂੰ ਉਤਸ਼ਾਹਿਤ ਕਰਨ ਲਈ ਉਪਲਬਧ ਹਰ ਕੂਟਨੀਤਕ ਪਲੇਟਫਾਰਮ ਦੀ ਵਰਤੋਂ ਕਰਨੀ ਚਾਹੀਦੀ ਹੈ।

ਉਨ੍ਹਾਂ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ’ਤੇ ਸਵਾਲ ਉਠਾਏ ਤੇ ਦੋਸ਼ ਲਾਇਆ ਕਿ ਇਸ ਨੇ ਇਜ਼ਰਾਈਲ ਅਤੇ ਫਲਸਤੀਨ ਦੇ ਰੂਪ ’ਚ 2 ਦੇਸ਼ਾਂ ਵਾਲੇ ਹੱਲ ਨਾਲ ਸਬੰਧਤ ਭਾਰਤ ਦੇ ਸਿਧਾਂਤਕ ਸਟੈਂਡ ਨੂੰ ਛੱਡ ਦਿੱਤਾ ਹੈ। ਈਰਾਨ ਭਾਰਤ ਦਾ ਲੰਬੇ ਸਮੇਂ ਤੋਂ ਦੋਸਤ ਰਿਹਾ ਹੈ । ਡੂੰਘੀ ਸੱਭਿਅਤਾ ਵਾਲੇ ਸਬੰਧਾਂ ਨਾਲ ਉਹ ਸਾਡੇ ਨਾਲ ਜੁੜਿਆ ਹੋਇਆ ਹੈ। ਜੰਮੂ- ਕਸ਼ਮੀਰ ਸਮੇਤ ਅਹਿਮ ਮੌਕਿਆਂ ’ਤੇ ਉਸ ਦੀ ਮਜ਼ਬੂਤ ਹਮਾਇਤ ਦਾ ਇਤਿਹਾਸ ਰਿਹਾ ਹੈ।’ ਉਨ੍ਹਾਂ ਨੋਟ ਕੀਤਾ ਕਿ 1994 ’ਚ ਈਰਾਨ ਨੇ ਕਸ਼ਮੀਰ ਦੇ ਮੁੱਦੇ ’ਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ’ਚ ਭਾਰਤ ਦੀ ਆਲੋਚਨਾ ਕਰਨ ਵਾਲੇ ਮਤੇ ਨੂੰ ਰੋਕਣ ’ਚ ਮਦਦ ਕੀਤੀ ਸੀ। ਅਸਲ ’ਚ ਈਰਾਨ ਦਾ ਇਸਲਾਮੀ ਗਣਰਾਜ ਆਪਣੇ ਸਾਬਕਾ ਈਰਾਨ ਦੇ ਸ਼ਾਹ ਰਾਜ ਨਾਲੋਂ ਕਿਤੇ ਵੱਧ ਸਹਿਯੋਗੀ ਰਿਹਾ ਹੈ, ਜੋ 1965 ਅਤੇ 1971 ਦੀ ਜੰਗ ਦੌਰਾਨ ਪਾਕਿਸਤਾਨ ਵੱਲ ਝੁਕਾਅ ਰੱਖਦਾ ਸੀ।

ਸੋਨੀਆ ਗਾਂਧੀ ਨੇ ਕਿਹਾ ਕਿ ਪਿਛਲੇ ਕੁਝ ਦਹਾਕਿਆਂ ’ਚ ਭਾਰਤ ਅਤੇ ਇਜ਼ਰਾਈਲ ਦਰਮਿਆਨ ਰਣਨੀਤਕ ਸਬੰਧ ਵੀ ਵਿਕਸਤ ਹੋਏ ਹਨ। ਇਸ ਸਥਿਤੀ ’ਤੇ ਆਉਣ ਨਾਲ ਸਾਡੇ ਦੇਸ਼ ਦੀ ਤਣਾਅ ਘਟਾਉਣ ਅਤੇ ਸ਼ਾਂਤੀ ਬਹਾਲ ਕਰਨ ਦੀ ਨੈਤਿਕ ਜ਼ਿੰਮੇਵਾਰੀ ਅਤੇ ਸ਼ਕਤੀ ’ਚ ਵਾਧਾ ਹੋਇਆ ਹੈ। ਇਹ ਸਿਰਫ਼ ਇਕ ਸਿਧਾਂਤ ਨਹੀਂ ਹੈ। ਲੱਖਾਂ ਭਾਰਤੀ ਨਾਗਰਿਕ ਪੱਛਮੀ ਏਸ਼ੀਆ ’ਚ ਰਹਿ ਰਹੇ ਹਨ ਤੇ ਕੰਮ ਕਰ ਰਹੇ ਹਨ, ਇਸ ਲਈ ਇਸ ਖੇਤਰ ’ਚ ਸ਼ਾਂਤੀ ਨਿਰਮਾਣ ਇਕ ਅਹਿਮ ਰਾਸ਼ਟਰੀ ਮੁੱਦਾ ਹੈ। ਉਨ੍ਹਾਂ ਅਨੁਸਾਰ ਈਰਾਨ ਵਿਰੁੱਧ ਇਜ਼ਰਾਈਲ ਦੇ ਮੌਜੂਦਾ ਹਮਲੇ ਅਜਿਹੇ ਸਮੇਂ ਕੀਤੇ ਗਏ ਹਨ ਜਦੋਂ ਸ਼ਕਤੀਸ਼ਾਲੀ ਪੱਛਮੀ ਦੇਸ਼ਾਂ ਨੇ ਇਸ ਦੇ ਗੈਰ-ਮਨੁੱਖੀ ਕੰਮਾਂ ਨੂੰ ਨਜ਼ਰਅੰਦਾਜ਼ ਕਰ ਕੇ ਇਸ ਦੀ ਹਮਾਇਤ ਕੀਤੀ ਹੈ।

ਸੋਨੀਆ ਗਾਂਧੀ ਨੇ ਕਿਹਾ ਕਿ ਕਾਂਗਰਸ 7 ਅਕਤੂਬਰ, 2023 ਨੂੰ ਹਮਾਸ ਵੱਲੋਂ ਕੀਤੇ ਗਏ ਹਮਲਿਆਂ ਦੀ ਸਪੱਸ਼ਟ ਰੂਪ ’ਚ ਨਿੰਦਾ ਕਰਦੀ ਹੈ ਪਰ ਅਸੀਂ ਇਜ਼ਰਾਈਲ ਦੇ ਭਿਆਨਕ ਅਤੇ ਵਹਿਸ਼ੀ ਜਵਾਬ ਵਿਰੁੱਧ ਵੀ ਚੁੱਪ ਨਹੀਂ ਰਹਿ ਸਕਦੇ। ਇਨ੍ਹਾਂ ਹਮਲਿਆਂ ’ਚ 55,000 ਤੋਂ ਵੱਧ ਫਲਸਤੀਨੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਪਰਿਵਾਰ, ਆਂਢ-ਗੁਆਂਢ ਤੇ ਇੱਥੋਂ ਤੱਕ ਕਿ ਹਸਪਤਾਲ ਵੀ ਤਬਾਹ ਹੋ ਗਏ ਹਨ। ਗਾਜ਼ਾ ਭੁੱਖਮਰੀ ਦੇ ਕੰਢੇ ’ਤੇ ਹੈ। ਇਸ ਦੇ ਨਾਗਰਿਕ ਜੋ ਦੁੱਖ ਝੱਲ ਰਹੇ ਹਨ, ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ।

By Rajeev Sharma

Leave a Reply

Your email address will not be published. Required fields are marked *