ਲੋਕ ਸਭਾ ‘ਚ ਵਿਸ਼ੇਸ਼ ਚਰਚਾ ਸ਼ੁਰੂ: PM ਮੋਦੀ ਬੋਲੇ, ਵੰਦੇ ਮਾਤਰਮ ਸਾਡੇ ਲਈ ਮਾਣ ਵਾਲੀ ਗੱਲ

ਨੈਸ਼ਨਲ ਟਾਈਮਜ਼ ਬਿਊਰੋ :-ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਛੇਵੇਂ ਦਿਨ ਸੋਮਵਾਰ ਨੂੰ ਲੋਕ ਸਭਾ ਵਿੱਚ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ‘ਤੇ ਇੱਕ ਵਿਸ਼ੇਸ਼ ਚਰਚਾ ਸ਼ੁਰੂ ਹੋਈ ਹੈ। ਇਸ ਬਹਿਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ, ਜਿਨ੍ਹਾਂ ਨੇ ਕਿਹਾ ਕਿ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ‘ਤੇ ਇਸ ਵਿਸ਼ੇ ‘ਤੇ ਚਰਚਾ ਕਰਨਾ ਮਾਣ ਵਾਲੀ ਗੱਲ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਹ ਮੰਤਰ ਹੈ ਜਿਸ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਊਰਜਾ, ਪ੍ਰੇਰਨਾ, ਤਿਆਗ ਅਤੇ ਤਪੱਸਿਆ ਦਾ ਮਾਰਗ ਦਿਖਾਇਆ ਸੀ। ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਸੀਂ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੇ ਇਸ ਇਤਿਹਾਸਕ ਪਲ ਦੇ ਗਵਾਹ ਬਣ ਰਹੇ ਹਾਂ। ਪੀਐਮ ਮੋਦੀ ਨੇ ਇਹ ਵੀ ਜ਼ਿਕਰ ਕੀਤਾ ਕਿ ਜਦੋਂ ‘ਵੰਦੇ ਮਾਤਰਮ’ ਦੇ 100 ਸਾਲ ਪੂਰੇ ਹੋਏ ਸਨ, ਤਦ ਦੇਸ਼ ਐਮਰਜੈਂਸੀ ਦੀਆਂ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਸੀ।
ਸਰਕਾਰ ਨੇ ਇਸ ਚਰਚਾ ਦੇ ਪਿੱਛੇ ਪੰਜ ਵੱਡੀਆਂ ਵਜ੍ਹਾ ਦੱਸੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਇਸ ਨਾਲ ਦੇਸ਼ ਵਿੱਚ ਰਾਸ਼ਟਰੀ ਭਾਵਨਾ, ਸੱਭਿਆਚਾਰਕ ਮਾਣ ਅਤੇ ਏਕਤਾ ਦਾ ਸੰਦੇਸ਼ ਜਾਵੇਗਾ। ਇਸ ਤੋਂ ਇਲਾਵਾ, ਅਗਲੇ ਸਾਲ ਹੋਣ ਵਾਲੀਆਂ ਬੰਗਾਲ ਚੋਣਾਂ ਨੂੰ ਦੇਖਦੇ ਹੋਏ ਇਸ ਮੁੱਦੇ ਨੂੰ ਸੱਭਿਆਚਾਰਕ ਅਤੇ ਭਾਵਨਾਤਮਕ ਰੂਪ ਵਿੱਚ ਸਾਹਮਣੇ ਲਿਆਉਣਾ ਵੀ ਇੱਕ ਰਾਜਨੀਤਿਕ ਸੰਕੇਤ ਮੰਨਿਆ ਜਾ ਰਿਹਾ ਹੈ। ਸਰਕਾਰ ਦਾ ਇਰਾਦਾ 1937 ਵਿੱਚ ਇਸ ਗੀਤ ਦੇ ਹਿੱਸੇ ਹਟਾਏ ਜਾਣ ਦੇ ਪਿੱਛੇ ਦੀ ‘ਤੁਸ਼ਟੀਕਰਨ ਦੀ ਰਾਜਨੀਤੀ’ ਨੂੰ ਵੀ ਸਾਹਮਣੇ ਲਿਆਉਣਾ ਹੈ।

ਇਸ ਵਿਸ਼ੇਸ਼ ਚਰਚਾ ਵਿੱਚ ਭਾਜਪਾ ਵੱਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਕੇਂਦਰੀ ਮੰਤਰੀ ਹਿੱਸਾ ਲੈਣਗੇ। ਮੁੱਖ ਵਿਰੋਧੀ ਧਿਰ ਕਾਂਗਰਸ ਵੱਲੋਂ ਪਾਰਟੀ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਉਪ-ਨੇਤਾ ਗੌਰਵ ਗੋਗੋਈ ਸਮੇਤ 8 ਸੰਸਦ ਮੈਂਬਰ ਬੋਲਣਗੇ।
ਬੀਜੇਪੀ ਸੰਸਦ ਮੈਂਬਰ ਸੰਬਿਤ ਪਾਤਰਾ ਨੇ ਕਿਹਾ ਕਿ ਰਾਸ਼ਟਰੀ ਗੀਤ ਆਜ਼ਾਦੀ ਅੰਦੋਲਨ ਨੂੰ ਉਤਸ਼ਾਹਤ ਕਰਨ ਵਾਲੀਆਂ ਕੁਰਬਾਨੀਆਂ ਦਾ ਪ੍ਰਤੀਕ ਹੈ। ਦੂਜੇ ਪਾਸੇ, ਕਾਂਗਰਸ ਦੇ ਸੰਸਦ ਮੈਂਬਰ ਜੇਬੀ ਮਥਰ ਨੇ ਭਾਜਪਾ ‘ਤੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ।
ਜ਼ਿਕਰਯੋਗ ਹੈ ਕਿ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਬੰਕਿਮ ਚੰਦਰ ਚੈਟਰਜੀ ਦੁਆਰਾ 7 ਨਵੰਬਰ 1875 ਨੂੰ ਲਿਖਿਆ ਗਿਆ ਸੀ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ 24 ਜਨਵਰੀ 1950 ਨੂੰ ਇਸਨੂੰ ਭਾਰਤ ਦਾ ਰਾਸ਼ਟਰੀ ਗੀਤ ਐਲਾਨਿਆ ਗਿਆ ਸੀ, ਜਿਸ ਨੂੰ ‘ਜਨ ਗਣ ਮਨ’ ਦੇ ਬਰਾਬਰ ਸਨਮਾਨ ਅਤੇ ਦਰਜਾ ਦਿੱਤਾ ਗਿਆ।

By Rajeev Sharma

Leave a Reply

Your email address will not be published. Required fields are marked *