‘Strait of Hormuz ਸਿਰਫ ਦੁਸ਼ਮਣਾਂ ਲਈ ਬੰਦ’, ਈਰਾਨ ਦੇ ਵਿਦੇਸ਼ ਮੰਤਰੀ ਦਾ ਆ ਗਿਆ ਬਿਆਨ

ਤਹਿਰਾਨ/ਦੁਬਈ: ਮਿਡਲ ਈਸਟ ‘ਚ ਜਾਰੀ ਭਿਆਨਕ ਜੰਗ ਦੇ ਵਿਚਕਾਰ ਈਰਾਨ ਨੇ ਇੱਕ ਬਹੁਤ ਵੱਡਾ ਬਿਆਨ ਜਾਰੀ ਕੀਤਾ ਹੈ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸਪੱਸ਼ਟ ਕੀਤਾ ਹੈ ਕਿ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤਾ ‘ਹੋਮੁਰਜ਼ ਦੀ ਜਲਡਮਰੂਮੱਧ’ (Strait of Hormuz) ਪੂਰੀ ਤਰ੍ਹਾਂ ਬੰਦ ਨਹੀਂ ਹੈ, ਸਗੋਂ ਇਹ ਸਿਰਫ਼ ‘ਦੁਸ਼ਮਣਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ’ ਦੇ ਜਹਾਜ਼ਾਂ ਅਤੇ ਟੈਂਕਰਾਂ ਲਈ ਬੰਦ ਕੀਤਾ ਗਿਆ ਹੈ। ਬਾਕੀ ਦੇਸ਼ਾਂ ਲਈ ਇਸ ਰਸਤੇ ਰਾਹੀਂ ਆਵਾਜਾਈ ਆਮ ਵਾਂਗ ਜਾਰੀ ਰਹੇਗੀ।

ਊਰਜਾ ਕੇਂਦਰਾਂ ‘ਤੇ ਹਮਲੇ ਦੀ ਦਿੱਤੀ ਚਿਤਾਵਨੀ
ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਜਹਾਜ਼ “ਸੁਰੱਖਿਆ ਚਿੰਤਾਵਾਂ” ਕਾਰਨ ਯਾਤਰਾ ਨਾ ਕਰਨਾ “ਤਰਜੀਹ” ਦਿੰਦੇ ਹਨ ਪਰ ਇਸਦਾ ਸਾਡੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਮੈਂ ਕਹਿ ਸਕਦਾ ਹਾਂ ਕਿ ਜਲਡਮਰੂ ਬੰਦ ਨਹੀਂ ਹੈ, ਪਰ ਤੁਸੀਂ ਜਾਣਦੇ ਹੋ ਇਹ ਸਿਰਫ਼ ਅਮਰੀਕੀ, ਇਜ਼ਰਾਈਲੀ ਜਹਾਜ਼ਾਂ ਅਤੇ ਟੈਂਕਰਾਂ ਲਈ ਬੰਦ ਹੈ ਅਤੇ ਦੂਜਿਆਂ ਲਈ ਨਹੀਂ। ਵਿਦੇਸ਼ ਮੰਤਰੀ ਅਰਾਘਚੀ ਨੇ ਸਖ਼ਤ ਲਹਿਜੇ ਵਿੱਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਦੇ ਤੇਲ ਡਿਪੂਆਂ ਜਾਂ ਪਾਵਰ ਪਲਾਂਟਾਂ ਵਰਗੇ ਊਰਜਾ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਤਾਂ ਈਰਾਨ ਇਸ ਦਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਖ਼ਤ ਜਵਾਬ ਦੇਵੇਗਾ। ਹਾਲਾਂਕਿ, ਉਨ੍ਹਾਂ ਨੇ ਇਹ ਭਰੋਸਾ ਵੀ ਦਿੱਤਾ ਕਿ ਜੰਗ ਦੌਰਾਨ ਆਮ ਨਾਗਰਿਕਾਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨੁਕਸਾਨ ਨਾ ਪਹੁੰਚਾਉਣ ਲਈ ਪੂਰੀ ਸਾਵਧਾਨੀ ਵਰਤੀ ਜਾਵੇਗੀ।

UAE ਦੇ ਬੰਦਰਗਾਹਾਂ ਨੂੰ ਖਾਲੀ ਕਰਨ ਦਾ ਅਲਰਟ
ਜੰਗ ਦੇ ਵਧਦੇ ਪ੍ਰਭਾਵ ਦਰਮਿਆਨ ਈਰਾਨ ਨੇ ਪਹਿਲੀ ਵਾਰ ਸੰਯੁਕਤ ਅਰਬ ਅਮੀਰਾਤ (UAE) ਨੂੰ ਵੀ ਸਿੱਧੀ ਧਮਕੀ ਦਿੱਤੀ ਹੈ। ਈਰਾਨ ਨੇ ਚਿਤਾਵਨੀ ਜਾਰੀ ਕਰਦਿਆਂ ਲੋਕਾਂ ਨੂੰ ਦੁਬਈ ਦੇ ਜੇਬੇਲ ਅਲੀ, ਅਬੂ ਧਾਬੀ ਦੇ ਖਲੀਫਾ ਅਤੇ ਫੁਜੈਰਾ ਵਰਗੇ ਬੰਦਰਗਾਹਾਂ ਵਾਲੇ ਇਲਾਕਿਆਂ ਨੂੰ ਤੁਰੰਤ ਖਾਲੀ ਕਰਨ ਲਈ ਕਿਹਾ ਹੈ। ਈਰਾਨ ਦਾ ਦੋਸ਼ ਹੈ ਕਿ ਅਮਰੀਕਾ ਇਨ੍ਹਾਂ ਬੰਦਰਗਾਹਾਂ ਦੀ ਵਰਤੋਂ ਈਰਾਨ ਦੇ ਖਾਰਗ ਟਾਪੂ ‘ਤੇ ਹਮਲੇ ਕਰਨ ਲਈ ਗੁਪਤ ਟਿਕਾਣਿਆਂ ਵਜੋਂ ਕਰ ਰਿਹਾ ਹੈ।

ਵਧਦਾ ਤਣਾਅ ਤੇ ਵਿਸ਼ਵ ਬਾਜ਼ਾਰ ‘ਚ ਦਹਿਸ਼ਤ
ਜ਼ਮੀਨੀ ਪੱਧਰ ‘ਤੇ ਵੀ ਹਾਲਾਤ ਵਿਗੜਦੇ ਜਾ ਰਹੇ ਹਨ। ਬਗਦਾਦ ‘ਚ ਅਮਰੀਕੀ ਦੂਤਾਵਾਸ ਦੇ ਅੰਦਰ ਇੱਕ ਹੈਲੀਪੈਡ ‘ਤੇ ਮਿਜ਼ਾਈਲ ਡਿੱਗਣ ਦੀ ਖ਼ਬਰ ਹੈ, ਜਦਕਿ UAE ‘ਚ ਇੱਕ ਈਰਾਨੀ ਡਰੋਨ ਨੂੰ ਡੇਗਿਆ ਗਿਆ ਹੈ, ਜਿਸਦਾ ਮਲਬਾ ਇੱਕ ਤੇਲ ਸਹੂਲਤ ‘ਤੇ ਜਾ ਡਿੱਗਿਆ। ਇਨ੍ਹਾਂ ਘਟਨਾਵਾਂ ਨੇ ਪੂਰੀ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ। ਜੇਕਰ ਤੇਲ ਦੀ ਸਪਲਾਈ ‘ਚ ਵਿਘਨ ਪੈਂਦਾ ਹੈ ਤਾਂ ਇਸ ਦਾ ਸਿੱਧਾ ਅਸਰ ਵਿਸ਼ਵ ਬਾਜ਼ਾਰ ਤੇ ਆਮ ਲੋਕਾਂ ਦੀ ਜੇਬ ‘ਤੇ ਪਵੇਗਾ। ਦੂਜੇ ਪਾਸੇ, ਡੋਨਾਲਡ ਟਰੰਪ ਨੇ ਵੀ ਹਮਲਾਵਰ ਰੁਖ਼ ਅਖਤਿਆਰ ਕਰਦਿਆਂ ਹੋਮੁਰਜ਼ ਦੇ ਰਸਤੇ ਨੂੰ ਖੁੱਲ੍ਹਾ ਰੱਖਣ ਲਈ ਜੰਗੀ ਜਹਾਜ਼ ਭੇਜਣ ਦਾ ਐਲਾਨ ਕਰ ਦਿੱਤਾ ਹੈ।

By Rajeev Sharma

Leave a Reply

Your email address will not be published. Required fields are marked *