“ਸਿੱਧਾ ਮੱਥੇ ‘ਚ ਗੋਲੀ ਮਾਰਾਂਗੇ”, ਮਸ਼ਹੂਰ ਪੰਜਾਬੀ ਗਾਇਕ ਨੂੰ ਜਾਨੋਂ ਮਾਰਨ ਦੀ ਧਮਕੀ

ਹਰਿਆਣਾ ਦੇ ਪਾਣੀਪਤ ਵਿੱਚ ਇੱਕ ਮਨੀ ਐਕਸਚੇਂਜ ਸੈਂਟਰ ‘ਤੇ ਹੋਈ ਤਾਬੜਤੋੜ ਫਾਇਰਿੰਗ ਤੋਂ ਬਾਅਦ ਹੁਣ ਮਸ਼ਹੂਰ ਬਾਲੀਵੁੱਡ ਰੈਪਰ ਬਾਦਸ਼ਾਹ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸੋਸ਼ਲ ਮੀਡੀਆ ‘ਤੇ ਪਾਈ ਗਈ ਇੱਕ ਪੋਸਟ ਵਿੱਚ ਪਾਣੀਪਤ ਫਾਇਰਿੰਗ ਦੀ ਜ਼ਿੰਮੇਵਾਰੀ ਲੈਂਦਿਆਂ ਬਾਦਸ਼ਾਹ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਵਾਰ ਨਿਸ਼ਾਨਾ ਉਨ੍ਹਾਂ ਦਾ ਕਲੱਬ ਨਹੀਂ, ਬਲਕਿ ਉਹ ਖੁਦ ਹੋਣਗੇ।

ਪਾਣੀਪਤ ਦੇ ਅਸੰਧ ਰੋਡ ਸਥਿਤ ‘ਹਸਤ ਫੋਰੈਕਸ ਪ੍ਰਾਈਵੇਟ ਲਿਮਟਿਡ’ ਨਾਮਕ ਮਨੀ ਐਕਸਚੇਂਜ ਸੈਂਟਰ ‘ਤੇ ਸ਼ਨੀਵਾਰ ਦੁਪਹਿਰ ਕਰੀਬ 3:15 ਵਜੇ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ। ਦੁਕਾਨ ਦੇ ਸ਼ੀਸ਼ਿਆਂ ‘ਤੇ 7 ਗੋਲੀਆਂ ਲੱਗੀਆਂ, ਜਿਸ ਕਾਰਨ ਉਹ ਚਕਨਾਚੂਰ ਹੋ ਗਏ। ਘਟਨਾ ਸਮੇਂ ਮੌਜੂਦ ਕਰਮਚਾਰੀ ਹਰੀਸ਼ ਅਤੇ ਪ੍ਰੀਤੀ ਨੇ ਕਾਊਂਟਰ ਦੇ ਪਿੱਛੇ ਲੁਕ ਕੇ ਆਪਣੀ ਜਾਨ ਬਚਾਈ।

ਫਾਇਰਿੰਗ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਰਣਦੀਪ ਮਲਿਕ ਅਤੇ ਅਨਿਲ ਪੰਡਿਤ ਦੇ ਨਾਮ ‘ਤੇ ਇਕ ਪੋਸਟ ਸਾਹਮਣੇ ਆਈ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਫਾਇਰਿੰਗ ਹਵਾਲਾ ਕਾਰੋਬਾਰੀਆਂ ਵਿਰੁੱਧ ਇੱਕ ‘ਟ੍ਰੇਲਰ’ ਸੀ। ਪੋਸਟ ਦੇ ਅੰਤ ਵਿੱਚ ਰੈਪਰ ਬਾਦਸ਼ਾਹ ਦਾ ਜ਼ਿਕਰ ਕਰਦਿਆਂ ਲਿਖਿਆ ਗਿਆ, “ਬਾਦਸ਼ਾਹ, ਤੂੰ ਹਰਿਆਣਾ ਦੀ ਸੰਸਕ੍ਰਿਤੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ 2024 ਵਿੱਚ ਤੇਰੇ ਕਲੱਬ ‘ਤੇ ਟ੍ਰੇਲਰ ਦਿਖਾਇਆ ਸੀ, ਹੁਣ ਸਿੱਧਾ ਤੇਰੇ ਮੱਥੇ ਵਿੱਚ ਗੋਲੀ ਮਾਰਾਂਗੇ”। ਦੱਸ ਦੇਈਏ ਕਿ ਸਾਲ 2024 ਵਿੱਚ ਚੰਡੀਗੜ੍ਹ ਦੇ ਸੈਕਟਰ-26 ਵਿੱਚ ਦੋ ਕਲੱਬਾਂ ਦੇ ਬਾਹਰ ਧਮਾਕੇ ਹੋਏ ਸਨ, ਜਿਸਦਾ ਹਵਾਲਾ ਇਸ ਪੋਸਟ ਵਿੱਚ ਦਿੱਤਾ ਗਿਆ ਹੈ।

PunjabKesari

‘ਟਟੀਰੀ’ ਗਾਣੇ ਨੂੰ ਲੈ ਕੇ ਵਧਿਆ ਵਿਵਾਦ 

ਬਾਦਸ਼ਾਹ ਵਿਰੁੱਧ ਇਸ ਗੁੱਸੇ ਦਾ ਮੁੱਖ ਕਾਰਨ ਉਨ੍ਹਾਂ ਦਾ 1 ਮਾਰਚ ਨੂੰ ਰਿਲੀਜ਼ ਹੋਇਆ ‘ਟਟੀਰੀ’ ਗਾਣਾ ਦੱਸਿਆ ਜਾ ਰਿਹਾ ਹੈ। ਇਸ ਗਾਣੇ ਵਿੱਚ ਇਤਰਾਜ਼ਯੋਗ ਲਾਈਨਾਂ ਅਤੇ ਸਕੂਲੀ ਕੁੜੀਆਂ ਨੂੰ ਗਲਤ ਤਰੀਕੇ ਨਾਲ ਦਿਖਾਉਣ ਕਾਰਨ ਭਾਰੀ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਇਸ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ। ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਬਾਦਸ਼ਾਹ ਦੇ ਪੇਸ਼ ਨਾ ਹੋਣ ‘ਤੇ ਸਖ਼ਤ ਰੁਖ ਅਖਤਿਆਰ ਕਰਦਿਆਂ ਪੁਲਸ ਨੂੰ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰਨ ਅਤੇ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।

ਡੀ.ਐੱਸ.ਪੀ. ਸਤੀਸ਼ ਵਤਸ ਨੇ ਦੱਸਿਆ ਕਿ ਪੁਲਸ ਨੇ ਸੀ.ਆਈ.ਏ. ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ ਅਤੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ‘ਤੇ ਤਿੰਨੋਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਇਸ ਸੋਸ਼ਲ ਮੀਡੀਆ ਪੋਸਟ ਦੀ ਸੱਚਾਈ ਦੀ ਵੀ ਜਾਂਚ ਕਰ ਰਹੀ ਹੈ।

By Rajeev Sharma

Leave a Reply

Your email address will not be published. Required fields are marked *