ਤਰਨ ਤਾਰਨ, 18 ਜੁਲਾਈ : ਸ਼੍ਰੋਮਣੀ ਅਕਾਲੀ ਦਲ 20 ਜੁਲਾਈ ਨੂੰ ਤਰਨ ਤਾਰਨ ਹਲਕੇ ਦੇ ਝਬਾਲ ਕਸਬੇ ਵਿੱਚ ਇਕ ਵੱਡੀ ਰੈਲੀ ਰਾਹੀਂ ਜਿਮਨੀ ਚੋਣਾਂ ਦਾ ਬਿਗੁਲ ਵਜਾਉਣ ਜਾ ਰਹੀ ਹੈ। ਇਹ ਕਸਬਾ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸ. ਸਰਮੁੱਖ ਸਿੰਘ ਝਬਾਲ ਨਾਲ ਜੁੜਿਆ ਹੋਇਆ ਇਤਿਹਾਸਕ ਨਗਰ ਹੈ। ਇਸ ਰੈਲੀ ਦੌਰਾਨ ਹਲਕੇ ਦੀ ਇੱਕ ਮਜ਼ਬੂਤ ਰਾਜਨੀਤਿਕ ਪਛਾਣ ਵਾਲਾ “ਅਜਾਦ ਗਰੁੱਪ” ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰੇਗਾ।
ਅਜਾਦ ਗਰੁੱਪ ਨੇ ਹਾਲ ਹੀ ਵਿੱਚ ਮੀਟਿੰਗ ਕਰਕੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਆਪਣਾ ਆਗੂ ਚੁਣਿਆ ਹੈ। ਇਸ ਗਰੁੱਪ ਦੀ ਪਛਾਣ 104 ਪੰਚਾਇਤਾਂ ਵਿਚੋਂ 43 ਮੌਜੂਦਾ ਸਰਪੰਚਾਂ, 25 ਨਗਰ ਕੌਂਸਲ ਮੈਂਬਰਾਂ ਵਿਚੋਂ 8 ਮੌਜੂਦਾ MCs ਅਤੇ 17 ਹੋਰ ਵਾਰਡਾਂ ਦੇ ਉਮੀਦਵਾਰਾਂ ਨਾਲ ਜੋੜੀ ਜਾਂਦੀ ਹੈ। ਹਜ਼ਾਰਾਂ ਸਮਰਥਕ ਵੀ ਇਸ ਰੈਲੀ ਵਿੱਚ ਹਿੱਸਾ ਲੈਣਗੇ ਅਤੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਘੋਸ਼ਣਾ ਕਰਨਗੇ।
ਇਸ ਰੈਲੀ ਰਾਹੀਂ ਨਾਂ ਸਿਰਫ ਜਿਮਨੀ ਚੋਣਾਂ ਦਾ ਮਾਹੌਲ ਤਿਆਰ ਹੋਵੇਗਾ, ਬਲਕਿ ਇਹ ਵੀ ਦਰਸਾਇਆ ਜਾਵੇਗਾ ਕਿ ਅਕਾਲੀ ਦਲ ਤਰਨ ਤਾਰਨ ਹਲਕੇ ‘ਚ ਆਪਣੇ ਪੁਰਾਣੇ ਕਿਲੇ ਨੂੰ ਮੁੜ ਜਿੱਤਣ ਲਈ ਪੂਰੀ ਤਾਕਤ ਨਾਲ ਮੈਦਾਨ ਵਿੱਚ ਉਤਰੀ ਹੈ।
