ਅੰਮ੍ਰਿਤਸਰ ’ਚ ਭਿਆਨਕ ਗਰਮੀ ਦਾ ਕਹਿਰ; ਸੈਲਾਨੀਆਂ ਦੀ ਆਮਦ ਘਟੀ ਆਮਦ

ਗੁਰਪ੍ਰੀਤ ਸਿੰਘ :- ਪੂਰੇ ਉੱਤਰੀ ਭਾਰਤ ਵਿੱਚ ਪੈ ਰਹੀ ਅੱਤ ਦੀ ਗਰਮੀ ਅਤੇ ਪਾਰਾ ਲਗਾਤਾਰ 40 ਡਿਗਰੀ ਸੈਲਸੀਅਸ ਤੋਂ ਪਾਰ ਰਹਿਣ ਕਾਰਨ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਸੈਲਾਨੀਆਂ ਦੀ ਗਿਣਤੀ ਕਾਫ਼ੀ ਘਟ ਗਈ ਹੈ। ਗਰਮੀ ਦੇ ਕਹਿਰ ਨੇ ਸ਼ਹਿਰ ਦੀ ਆਰਥਿਕਤਾ ਦੇ ਮੁੱਖ ਧੁਰੇ ‘ਪਰਿਵਾਰਕ ਸੈਰ-ਸਪਾਟੇ’ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਅੰਮ੍ਰਿਤਸਰ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ (AHARA) ਦੇ ਅਹੁਦੇਦਾਰ ਅਤੇ ਇੱਕ ਪ੍ਰਮੁੱਖ ਹੋਟਲ ਦੇ ਸੀਨੀਅਰ ਮੈਨੇਜਰ ਪੀਯੂਸ਼ ਕਪੂਰ ਨੇ ਦੱਸਿਆ ਕਿ ਸੈਲਾਨੀਆਂ ਦੀ ਆਮਦ ਅਤੇ ਹੋਟਲਾਂ ਦੀ ਬੁਕਿੰਗ ਵਿੱਚ 50 ਤੋਂ 70 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਹ ਸਥਿਤੀ ਅਚਾਨਕ ਨਹੀਂ ਹੈ, ਕਿਉਂਕਿ ਹਰ ਸਾਲ ਤਾਪਮਾਨ ਵਧਣ ਨਾਲ ਅਗਸਤ ਤੱਕ ਸੈਲਾਨੀ ਘੁੰਮਣ-ਫਿਰਨ ਤੋਂ ਗੁਰੇਜ਼ ਕਰਦੇ ਹਨ।

ਜਨਤਕ ਥਾਵਾਂ ’ਤੇ ਦੁਪਹਿਰ ਵੇਲੇ ਪਸਰਦਾ ਹੈ ਸੰਨਾਟਾ

ਗਰਮੀ ਦੇ ਪ੍ਰਕੋਪ ਕਾਰਨ ਰੇਲਵੇ ਸਟੇਸ਼ਨ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਅੰਤਰਰਾਜੀ ਬੱਸ ਟਰਮੀਨਸ (ISBT) ਵਰਗੀਆਂ ਜਨਤਕ ਥਾਵਾਂ ’ਤੇ ਵੀ ਭੀੜ ਕਾਫ਼ੀ ਘੱਟ ਗਈ ਹੈ। ਦੁਪਹਿਰ ਦੇ ਸਮੇਂ ਇਹ ਥਾਵਾਂ ਬਿਲਕੁਲ ਸੁੰਨੀਆਂ ਨਜ਼ਰ ਆਉਂਦੀਆਂ ਹਨ। ਲੋਕਾਂ ਨੇ ਬੇਲੋੜੀ ਯਾਤਰਾ ਕਰਨੀ ਬੰਦ ਕਰ ਦਿੱਤੀ ਹੈ ਅਤੇ ਜ਼ਰੂਰੀ ਕੰਮ ਲਈ ਬਾਹਰ ਨਿਕਲਣ ਵੇਲੇ ਵੀ ਬੱਚਿਆਂ ਅਤੇ ਬਜ਼ੁਰਗਾਂ ਨੂੰ ਨਾਲ ਲਿਜਾਣ ਤੋਂ ਪਰਹੇਜ਼ ਕੀਤਾ ਜਾ ਰਿਹਾ ਹੈ।

ਖਾਣ-ਪੀਣ ਦੇ ਕਾਰੋਬਾਰ ’ਤੇ ਅਸਰ

ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ’ਤੇ ਕੰਮ ਕਰਦੇ ਵਿਕਰੇਤਾਵਾਂ ਨੇ ਦੱਸਿਆ ਕਿ ਗਾਹਕਾਂ ਦੀ ਘਾਟ ਕਾਰਨ ਉਨ੍ਹਾਂ ਦੀ ਵਿਕਰੀ ’ਤੇ ਮਾੜਾ ਅਸਰ ਪਿਆ ਹੈ। ਲੋਕ ਹੁਣ ਸਿਰਫ਼ ਪਾਣੀ ਦੀਆਂ ਬੋਤਲਾਂ ਅਤੇ ਕੋਲਡ ਡਰਿੰਕਸ ਦੀ ਹੀ ਮੰਗ ਕਰ ਰਹੇ ਹਨ, ਜਦੋਂਕਿ ਚਾਹ ਅਤੇ ਕੌਫੀ ਦੀ ਵਿਕਰੀ ਲਗਭਗ ਖ਼ਤਮ ਹੋ ਗਈ ਹੈ। ਸੈਰ-ਸਪਾਟੇ ’ਤੇ ਨਿਰਭਰ ਇਸ ਸ਼ਹਿਰ ਲਈ ਇਹ ਮੌਸਮ ਆਰਥਿਕ ਚੁਣੌਤੀਆਂ ਲੈ ਕੇ ਆਇਆ ਹੈ, ਅਤੇ ਹੁਣ ਉਮੀਦ ਸਿਰਫ਼ ਸਕੂਲੀ ਛੁੱਟੀਆਂ ’ਤੇ ਟਿਕੀ ਹੋਈ ਹੈ ਜਦੋਂ ਕਸ਼ਮੀਰ ਜਾਣ ਵਾਲੇ ਸੈਲਾਨੀ ਅੰਮ੍ਰਿਤਸਰ ਨੂੰ ਪੜਾਅ ਵਜੋਂ ਵਰਤਦੇ ਹਨ।

By Gurpreet Singh

Leave a Reply

Your email address will not be published. Required fields are marked *