ਜਲੰਧਰ–ਫੋਲੜੀਵਾਲ ਗੰਦੇ ਨਾਲੇ ਕੋਲ ਇਕ ਨੌਜਵਾਨ ਦੀ ਲਾਸ਼ ਖ਼ੂਨ ਨਾਲ ਲਥਪਥ ਮਿਲੀ ਹੈ। ਰਾਹਗੀਰਾਂ ਨੇ ਲਾਸ਼ ਵੇਖੀ ਤਾਂ ਤੁਰੰਤ ਪੁਲਸ ਕੰਟਰੋਲ ਰੂਮ ਵਿਚ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਨੰਬਰ 7 ਦੀ ਪੁਲਸ ਨੇ ਮ੍ਰਿਤਕ ਪਰਿਵਾਰ ਨੂੰ ਸੂਚਨਾ ਦਿੱਤੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਮ੍ਰਿਤਕ ਦੀ ਪਛਾਣ ਕੁਲਪ੍ਰੀਤ (19) ਪੁੱਤਰ ਕਿਸ਼ਨ ਭਾਨ ਵਾਸੀ ਨਿਊ ਜਵਾਹਰ ਨਗਰ ਵਜੋਂ ਹੋਈ।
ਮਾਲੀ ਦਾ ਕੰਮ ਕਰਦੇ ਕਿਸ਼ਨ ਭਾਨ ਨੇ ਦੱਸਿਆ ਕਿ ਉਸ ਦਾ ਬੇਟਾ ਹਾਲ ਹੀ ਵਿਚ 12ਵੀਂ ਜਮਾਤ ਵਿਚੋਂ ਪਾਸ ਹੋਇਆ ਸੀ। ਸ਼ੁੱਕਰਵਾਰ ਨੂੰ ਉਹ ਆਪਣੀ ਬਾਈਕ ਛੱਡ ਕੇ ਛੋਟੀ ਭੈਣ ਦਾ ਸਾਈਕਲ ਲੈ ਕੇ ਦੋਸਤਾਂ ਕੋਲ ਜਾਣ ਦਾ ਕਹਿ ਕੇ ਗਿਆ ਸੀ। ਉਸ ਕੋਲ ਕੁਝ ਪੈਸੇ ਵੀ ਸਨ। ਰਾਤ ਭਰ ਉਹ ਨਹੀਂ ਆਇਆ। ਉਨ੍ਹਾਂ ਨੂੰ ਲੱਗਾ ਕਿ ਦੋਸਤ ਕੋਲ ਸੌਂ ਗਿਆ ਹੋਵੇਗਾ। ਦੇਰ ਰਾਤ ਉਸ ਦਾ ਮੋਬਾਇਲ ਬੰਦ ਹੋ ਗਿਆ।
ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੇ ਬੇਟੇ ਦਾ ਫੋਲੜੀਵਾਲ ਗੰਦੇ ਨਾਲੇ ਕੋਲ ਐਕਸੀਡੈਂਟ ਹੋ ਗਿਆ ਹੈ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਵੇਖਿਆ ਕਿ ਬੇਟਾ ਖ਼ੂਨ ਨਾਲ ਲਥਪਥ ਸੀ। ਨੱਕ ਵਿਚੋਂ ਝੱਗ ਨਿਕਲ ਰਹੀ ਸੀ। ਕਿਸ਼ਨ ਭਾਨ ਨੇ ਕਿਹਾ ਕਿ ਬੇਟੇ ਦੀਆਂ ਜੇਬਾਂ ਵਿਚੋਂ ਪੈਸੇ ਅਤੇ ਮੋਬਾਇਲ ਨਹੀਂ ਮਿਲਿਆ। ਉਨ੍ਹਾਂ ਨੇ ਸ਼ੱਕ ਜਤਾਇਆ ਕਿ ਕੁਲਪ੍ਰੀਤ ਦਾ ਕਤਲ ਹੋਇਆ ਹੈ ਅਤੇ ਉਸ ਦਾ ਸਾਮਾਨ ਲੁੱਟ ਲਿਆ ਹੋਵੇਗਾ।
ਉਥੇ ਹੀ ਪੁਲਸ ਦਾ ਦਾਅਵਾ ਹੈ ਕਿ ਮਾਮਲਾ ਕਤਲ ਦਾ ਨਹੀਂ, ਸਗੋਂ ਸੜਕ ਹਾਦਸੇ ਦਾ ਹੈ। ਕੁਲਪ੍ਰੀਤ ਦੇ ਜੋ ਸੱਟਾਂ ਲੱਗੀਆਂ ਹਨ, ਅਜਿਹੀਆਂ ਸੱਟਾਂ ਐਕਸੀਡੈਂਟ ਵਿਚ ਲੱਗਦੀਆਂ ਹਨ। ਕਿਸੇ ਤਰ੍ਹਾਂ ਦੇ ਨੁਕੀਲੇ ਜਾਂ ਤੇਜ਼ਧਾਰ ਹਥਿਆਰ ਦਾ ਕੋਈ ਨਿਸ਼ਾਨ ਨਹੀਂ ਹੈ। ਪੁਲਸ ਦਾ ਕਹਿਣਾ ਹੈ ਕਿ ਅਜਿਹਾ ਹੋ ਸਕਦਾ ਹੈ ਕਿ ਕੋਈ ਨਸ਼ੇੜੀ ਨੌਜਵਾਨ ਦੀ ਜੇਬ ਵਿਚੋਂ ਪੈਸੇ ਅਤੇ ਮੋਬਾਇਲ ਕੱਢ ਕੇ ਲੈ ਗਿਆ ਹੋਵੇ, ਬਾਕੀ ਸੱਚਾਈ ਪੋਸਟਮਾਰਟਮ ਰਿਪੋਰਟ ਦੇ ਆਉਣ ਤੋਂ ਬਾਅਦ ਸਾਹਮਣੇ ਆਵੇਗੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਹੈ।