ਮੁੱਖ ਮੰਤਰੀ ਨੇ ਕੇਂਦਰ ਨਾਲ ਰਲ਼ ਕੇ ਕਿਸਾਨੀ ਦਾ ਸਾਹ ਘੁੱਟਿਆ, ਪੰਜਾਬ ਨੂੰ ਬਚਾਉਣ ਲਈ ਕਾਂਗਰਸ ਦੀ ਸਰਕਾਰ ਦਾ ਆਉਣਾ ਬੇਹੱਦ ਜ਼ਰੂਰੀ: ਵੜਿੰਗ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਨੇ ਕੇਂਦਰ ਨਾਲ ਰਲ ਕੇ ਪੰਜਾਬੀ ਕਿਸਾਨੀ ਦਾ ਸਾਹ ਘੁੱਟਿਆ ਹੈ ਜਿਸ ਕਾਰਨ ਅੱਜ ਪੰਜਾਬ ਦਾ ਕਿਸਾਨ ਸੱਤਾਧਾਰੀ ਪਾਰਟੀ ਹੱਥੋਂ ਜ਼ਲੀਲ ਹੋ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਅਗਵਾਈ ਹੇਠ ਰੱਖੀ ਸੰਵਿਧਾਨ ਬਚਾਓ ਰੈਲੀ ਮੌਕੇ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਵੜਿੰਗ ਨੇ ਕੇਂਦਰ ਅਤੇ ਪੰਜਾਬ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸੰਵਿਧਾਨ ’ਤੇ ਹਮਲੇ ਅਤੇ ਉਸ ਨੂੰ ਬਦਲਣ ਦੀਆਂ ਕੋਝੀਆਂ ਚਾਲਾਂ ਇਸ ਲਈ ਹੋ ਰਹੀਆਂ ਹਨ ਕਿਉਂਕਿ ਪੰਜਾਬ ਦਾ ਨੌਜਵਾਨ ਸੰਵਿਧਾਨ ਬਾਰੇ ਜਾਣਕਾਰੀ ਰੱਖਣ ਤੋਂ ਗੁਰੇਜ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਨੂੰ ਬਚਾਉਣ ਲਈ ਅਤੇ ਕੇਂਦਰ ਸਰਕਾਰ ਦੀਆਂ ਚਾਲਾਂ ਨੂੰ ਰੋਕਣ ਲਈ ਨੌਜਵਾਨ ਪੀੜ੍ਹੀ ਦੇ ਹੱਥ ਵਿਚ ਸੰਵਿਧਾਨ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ 1967 ਤੋਂ ਲਾਗੂ ਹੋਈ ਐੱਮਐੱਸਪੀ ਨੂੰ ਕੇਂਦਰ ਸਰਕਾਰ ਖ਼ਤਮ ਕਰਕੇ ਪੰਜਾਬ ਨੂੰ ਬਰਬਾਦ ਕਰਨ ਦੀਆਂ ਵਿਉਂਤਬੰਦੀਆਂ ਕਰ ਰਹੀਆਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਭਾਜਪਾ ਦੀ ਵਿਚਾਰਾਧਾਰਾ ਪਸੰਦ ਨਹੀਂ ਹੈ। ਉਨ੍ਹਾਂ ਕਿਹਾ ਕਿ ਐੱਮਐੱਸਪੀ ਖਤਮ ਹੋਣ ਨਾਲ ਨਾ ਸਿਰਫ਼ ਪੰਜਾਬ ਦਾ ਕਿਸਾਨ ਕੰਗਾਲ ਹੋਵੇਗਾ ਬਲਕਿ ਪੰਜਾਬ ਦਾ ਹਰ ਛੋਟੇ ਤੋਂ ਲੈ ਕੇ ਵੱਡਾ ਵਪਾਰ ਵੀ ਤਬਾਹ ਹੋ ਜਾਵੇਗਾ ਕਿਉਂਕਿ ਇਕੱਲੇ ਕਣਕ ਦਾ ਹੀ 80 ਕਰੋੜ ਰੁਪਇਆ ਪੰਜਾਬ ਦੇ ਕਿਸਾਨਾਂ ਕੋਲ ਪਹੁੰਚਦਾ ਹੈ ਜਿਸ ਨਾਲ ਉਨ੍ਹਾਂ ਦੀਆਂ ਆਰਥਿਕ, ਸਮਾਜਿਕ ਅਤੇ ਰੋਜ਼ਾਨਾ ਜੀਵਨ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ।
ਪੰਜਾਬ ਸਰਕਾਰ ’ਤੇ ਵਰ੍ਹਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਦੇ ਰਾਜ ਵਿਚ ਭ੍ਰਿਸ਼ਟਾਚਾਰ ਪੰਜ ਪ੍ਰਤੀਸ਼ਤ ਸੀ ਅਤੇ ਉਹ ਹੁਣ ਵੱਧ ਕੇ ਪੱਚੀ ਪ੍ਰਤੀਸ਼ਤ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਵਿਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਬੁੱਤਾਂ ’ਤੇ ਹਮਲੇ ਹੋ ਰਹੇ ਹਨ, ਸੂਬੇ ਵਿਚ ਸਕੂਲਾਂ ਕਾਲਜਾਂ ਅਤੇ ਹਸਪਤਾਲਾਂ ਦਾ ਮਾੜਾ ਹਾਲ ਅਤੇ ਦਿੱਲੀ ਦੇ ਆਪ ਆਗੂਆਂ ਦਾ ਪ੍ਰਭਾਵ ਇੰਨਾ ਵਧ ਗਿਆ ਹੈ ਕਿ ਪੰਜਾਬ ਦੀ ਆਪ ਲੀਡਰਸ਼ਿਪ ਚੁੱਪ ਕਰਕੇ ਬੈਠੀ ਹੈ। ਨਿੱਤ ਨਵੇਂ ਕਾਂਡ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸੂਬੇ ਵਿਚ ਕਾਂਗਰਸ ਦੀ ਸਰਕਾਰ ਦਾ ਆਉਣ ਜ਼ਰੂਰੀ ਹੈ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਰੁਣ ਮਿੱਕੀ ਡੋਗਰਾ, ਕੈਪਟਨ ਸੰਦੀਪ ਸੰਧੂ, ਯਾਮਿਨੀ ਗੋਮਰ, ਐਡਵੋਕੇਟ ਰਣਜੀਤ ਕਿਟੀ, ਮੋਹਣ ਸਿੰਘ ਲਹਿਲ, ਨੀ ਰੈਹਲ ਸਿਟੀ ਪ੍ਰਧਾਨ, ਸੋਢੀ ਰਾਮ, ਵਿਸ਼ਵਨਾਥ ਬੰਟੀ, ਐਡਵੋਕੇਟ ਪੰਕਜ ਕ੍ਰਿਪਾਲ, ਡਾ. ਕੁਲਦੀਪ ਨੰਦਾ, ਵਿਸ਼ਵਨਾਥ ਓਹਰੀ, ਅਮਰਪ੍ਰੀਤ ਸਿੰਘ ਲਾਲੀ, ਸੁਰਿੰਦਰ ਸ਼ਰਮਾ ਚੇਅਰਮੈਨ ਇੰਟਕ, ਸਰਬਜੋਤ ਸਿੰਘ ਸਾਬੀ, ਗੁਰਪ੍ਰੀਤ ਸਿੰਘ ਢੇਸੀ, ਸੁਭਾਸ਼ ਸ਼ਰਮਾ, ਡਾ. ਕਰਮ ਚੰਦ, ਸ਼ਿਵਾਨੀ ਅਰੋੜਾ ਸਮੇਤ ਵੱਡੀ ਗਿਣਤੀ ਵਿਚ ਪਿੰਡਾਂ ਦੇ ਸਰਪੰਚ ਪੰਚ ਵੀ ਹਾਜ਼ਰ ਸਨ।

ਭਾਜਪਾ ’ਚ ਜਾਣਾ ਮੇਰੀ ਗ਼ਲਤੀ ਸੀ

ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਕਾਂਗਰਸ ਛੱਡ ਕੇ ਭਾਜਪਾ ਵਿਚ ਜਾਣਾ ਉਨ੍ਹਾਂ ਦੀ ਸਭ ਤੋਂ ਵੱਡੀ ਗਲਤੀ ਸੀ। ਉਨ੍ਹਾਂ ਕਿਹਾ ਕਿ ਹਾਲਾਤ ਕਾਰਨ ਉਨ੍ਹਾਂ ਨੂੰ ਭਾਜਪਾ ਵਿਚ ਜਾਣਾ ਪਿਆ ਪ੍ਰੰਤੂ ਹੁਣ ਉਹ ਆਪਣਾ ਜੀਵਨ ਮਰਨ ਕਾਂਗਰਸ ਵਿਚ ਹੀ ਰੱਖਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਵਿਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਪਿੰਡਾਂ ਵਿਚ ਬੂਥ ਕਮੇਟੀਆਂ ਹੁਣ ਤੋਂ ਹੀ ਬਣਾਉਣ ਲੱਗ ਪੈਣ।

By Gurpreet Singh

Leave a Reply

Your email address will not be published. Required fields are marked *