MBA ਵਿਦਿਆਰਥਣ ਨਾਲ ਜਬਰ-ਜ਼ਿਨਾਹ ਮਗਰੋਂ ਕਤਲ ਦੇ ਮੁਲਜ਼ਮ ਨੂੰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

ਚੰਡੀਗੜ੍ਹ – ਚੰਡੀਗੜ੍ਹ ‘ਚ 15 ਸਾਲ ਪਹਿਲਾਂ ਐੱਮ. ਬੀ. ਏ. ਵਿਦਿਆਰਥਣ ਨਾਲ ਜਬਰ-ਜ਼ਿਨਾਹ ਮਗਰੋਂ ਕਤਲ ਕੇਸ ‘ਚ ਅਦਾਲਤ ਨੇ ਸੀਰੀਅਲ ਕਿਲਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ਵਿਚ ਅਦਾਲਤ ਨੇ ਦੋਸ਼ੀ ਨੂੰ ਹੁਣ ਮਿਸਾਲੀ ਸਜ਼ਾ ਸੁਣਾਉਂਦੇ ਹੋਏ ਉਮਰਕੈਦ ਦੀ ਸਜ਼ਾ ਸੁਣਾਉਣ ਦੇ ਨਾਲ-ਨਾਲ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਥੇ ਦੱਸ ਦੇਈਏ ਕਿ ਅਦਾਲਤ ਨੇ ਜਿਸ ਵੇਲੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਸੀ, ਉਸ ਵੇਲੇ ਮ੍ਰਿਤਕ ਵਿਦਿਆਰਥਣ ਦੇ ਮਾਤਾ-ਪਿਤਾ ਵੀ ਅਦਾਲਤ ‘ਚ ਮੌਜੂਦ ਸਨ, ਜਿਨ੍ਹਾਂ ਨੂੰ 15 ਸਾਲ ਬਾਅਦ ਇਨਸਾਫ਼ ਦੀ ਆਸ ਬੱਝੀ।

ਜਾਣੋ ਕੀ ਹੈ ਪੂਰਾ ਮਾਮਲਾ
ਸੈਕਟਰ-38 ’ਚ ਕਰੀਬ 15 ਸਾਲ ਪਹਿਲਾਂ 2010 ’ਚ ਪੁਲਸ ਨੇ 21 ਸਾਲਾ ਐੱਮ. ਬੀ. ਏ. ਵਿਦਿਆਰਥਣ ਦੀ ਲਾਸ਼ ਬਰਾਮਦ ਕੀਤੀ ਸੀ। ਪੋਸਟਮਾਰਟਮ ਰਿਪੋਰਟ ’ਚ ਖ਼ੁਲਾਸਾ ਹੋਇਆ ਕਿ ਵਿਦਿਆਰਥਣ ਦਾ ਕਤਲ ਅਤੇ ਜਬਰ-ਜ਼ਿਨਾਹ ਵੀ ਕੀਤਾ ਸੀ। ਕਈ ਸਾਲਾਂ ਦੀ ਜਾਂਚ ਮਗਰੋਂ ਜਦੋਂ ਪੁਲਸ ਨੂੰ ਮੁਲਜ਼ਮ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਅਦਾਲਤ ’ਚ ਮਾਮਲੇ ਸਬੰਧੀ ਅਨਟਰੇਸ ਰਿਪੋਰਟ ਦਾਇਰ ਕੀਤੀ। ਹਾਲਾਂਕਿ ਪੁਲਸ ਨੇ ਗੁਪਤ ਤਰੀਕੇ ਨਾਲ ਮਾਮਲੇ ਦੀ ਜਾਂਚ ਜਾਰੀ ਰੱਖੀ।

ਪੁਲਸ ਨੇ ਵਿਦਿਆਰਥਣ ਦੀ ਲਾਸ਼ ਤੋਂ ਡੀ. ਐੱਨ. ਏ. ਸੈਂਪਲ ਲਿਆ ਅਤੇ ਇਸ ਨੂੰ ਕਰੀਬ 100 ਲੋਕਾਂ ਨਾਲ ਮਿਲਾਇਆ ਗਿਆ ਪਰ ਨਤੀਜਾ ਜ਼ੀਰੋ ਰਿਹਾ। ਪਿਛਲੇ ਸਾਲ ਪੁਲਸ ਨੂੰ ਇਸ ਮਾਮਲੇ ’ਚ ਵੱਡੀ ਸਫ਼ਲਤਾ ਮਿਲੀ, ਜਦੋਂ ਉਨ੍ਹਾਂ ਨੇ ਡੱਡੂਮਾਜਰਾ ਨੇੜੇ ਸ਼ਾਹਪੁਰ ਕਾਲੋਨੀ ਦੇ ਮੋਨੂੰ ਕੁਮਾਰ ਨੂੰ ਸ਼ੱਕ ਦੇ ਆਧਾਰ ’ਤੇ ਹਿਰਾਸਤ ’ਚ ਲਿਆ ਅਤੇ ਪੁੱਛਗਿੱਛ ਕਰਕੇ ਉਸਦੇ ਡੀ. ਐੱਨ. ਏ. ਸੈਂਪਲ ਇਕੱਠੇ ਕੀਤੇ। ਜਦੋਂ ਪੁਲਸ ਨੇ ਡੀ. ਐੱਨ. ਏ. ਟੈਸਟ ਕੀਤਾ ਤਾਂ ਰਿਪੋਰਟ ’ਚ ਪਤਾ ਲੱਗਾ ਕਿ ਮੁਲਜ਼ਮ ਮੋਨੂੰ ਕੁਮਾਰ ਅਤੇ ਮ੍ਰਿਤਕਾ ਐੱਮ. ਬੀ. ਏ. ਵਿਦਿਆਰਥਣ ਦੇ ਡੀ. ਐੱਨ. ਏ. ਮੇਲ ਖਾ ਗਏ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਖ਼ਿਲਾਫ਼ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।

By Gurpreet Singh

Leave a Reply

Your email address will not be published. Required fields are marked *