ਪੰਜਾਬ ਦੇ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਦਾ ਹੋ ਗਿਆ ਐਨਕਾਊਂਟਰ

ਅੰਮ੍ਰਿਤਸਰ- ਅੰਮ੍ਰਿਤਸਰ ਦੇ ਪਿੰਡ ਖੱਬੇ ਰਾਜਪੂਤਾਂ ‘ਚ 8 ਮਾਰਚ ਨੂੰ ਫੁੱਟਬਾਲ ਟੂਰਨਾਮੈਂਟ ਦੌਰਾਨ 14 ਸਾਲਾ ਗੁਰਸੇਵਕ ਸਿੰਘ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਦਾ ਪੁਲਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ। ਐਨਕਾਊਂਟਰ ਦੌਰਾਨ ਕਰਨ ਸਿੰਘ ਦੇ ਸੱਜੀ ਲੱਤ ਵਿੱਚ ਗੋਲੀ ਲੱਗ ਗਈ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਡੀਐੱਸਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਮਹਿਤਾ ਦੀ ਪੁਲਸ ਟੀਮ ਨੇ ਐਸਐਚਓ ਇੰਸਪੈਕਟਰ ਹਰਪਾਲ ਸਿੰਘ ਦੀ ਅਗਵਾਈ ਹੇਠ ਬੋਜਾ ਰੋਡ ‘ਤੇ ਨਾਕਾਬੰਦੀ ਕੀਤੀ ਹੋਈ ਸੀ। ਚੈੱਕਿੰਗ ਦੌਰਾਨ ਕਰਨ ਸਿੰਘ ਮੋਟਰਸਾਈਕਲ ‘ਤੇ ਆਇਆ ਅਤੇ ਨਾਕੇ ਤੋਂ ਭੱਜਣ ਦੀ ਕੋਸ਼ਿਸ਼ ਕਰਦਿਆਂ ਉਸ ਨੇ ਪੁਲਸ ‘ਤੇ ਗੋਲੀ ਚਲਾਈ। ਪੁਲਸ ਵੱਲੋਂ ਜਵਾਬੀ ਕਾਰਵਾਈ ‘ਚ ਫਾਇਰਿੰਗ ਕੀਤੀ ਗਈ ਜਿਸ ‘ਚ ਉਹ ਜ਼ਖਮੀ ਹੋ ਗਿਆ। ਮੁਲਜ਼ਮ ਕੋਲੋਂ ਇੱਕ 9 ਐੱਮਐੱਮ ਪਿਸਤੌਲ, ਤਿੰਨ ਜਿੰਦਾ ਰੌੰਦ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਥਾਣਾ ਮਹਿਤਾ ਵਿਖੇ ਦਰਜ ਮੁਕੱਦਮਾ ਨੰ. 17 ਮਿਤੀ 08.03.2025 ਜੁਰਮ 103(1),3(5) BNS, 25 ਆਰਮਜ ਐਕਟ ‘ਚ ਲੋੜੀਂਦਾ ਸੀ।

ਜ਼ਿਕਰਯੋਗ ਹੈ ਕਿ 8 ਮਾਰਚ ਨੂੰ ਪਿੰਡ ਖੱਬੇ ਰਾਜਪੂਤਾ ‘ਚ ਹੋ ਰਹੇ ਫੁੱਟਬਾਲ ਮੈਚ ਦੇ ਇਨਾਮ ਵੰਡ ਸਮਾਰੋਹ ਦੌਰਾਨ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੁਰਪ੍ਰੀਤ ਸਿੰਘ ਉਰਫ ਫੌਜੀ ਨੂੰ ਨਿਸ਼ਾਨਾ ਬਣਾਉਣ ਲਈ ਫਾਇਰਿੰਗ ਕੀਤੀ ਗਈ ਸੀ, ਜਿਸ ਦੌਰਾਨ ਇਕ ਗੋਲੀ 14 ਸਾਲਾ ਫੁੱਟਬਾਲ ਖਿਡਾਰੀ ਗੁਰਸੇਵਕ ਸਿੰਘ ਨੂੰ ਲੱਗ ਗਈ ਸੀ। ਜ਼ਖਮਾਂ ਕਾਰਨ ਗੁਰਸੇਵਕ ਦੀ ਮੌਤ ਹੋ ਗਈ ਸੀ। ਉਕਤ ਮਾਮਲੇ ਤੋਂ ਬਾਅਦ ਲਗਾਤਾਰ ਪੁਲਸ ਵੱਲੋਂ ਕਥਿਤ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਅੱਜ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

By Gurpreet Singh

Leave a Reply

Your email address will not be published. Required fields are marked *