ਰਫ਼ਤਾਰ ਦਾ ਕਹਿਰ: ਪੁਲਸ ਅਫ਼ਸਰ ਦੀ ਗੱਡੀ ਨੇ ਟਰਾਂਸਫਾਰਮਰਾਂ ‘ਚ ਮਾਰੀ ਜ਼ੋਰਦਾਰ ਟੱਕਰ, ਹਨ੍ਹੇਰੇ ‘ਚ ਡੁੱਬਿਆ ਸ਼ਹਿਰ

ਗੁਰਦਾਸਪੁਰ : ਸ਼ਹਿਰ ਦੇ ਪ੍ਰੇਮ ਨਗਰ ਰੋਡ ’ਤੇ ਬੀਤੀ ਦੇਰ ਰਾਤ ਉਸ ਵੇਲੇ ਦਹਿਸ਼ਤ ਅਤੇ ਹੰਗਾਮੇ ਦਾ ਮਾਹੌਲ ਬਣ ਗਿਆ, ਜਦੋਂ ਪੰਜਾਬ ਪੁਲਸ ਦੇ ਇਕ ਏ. ਐੱਸ. ਆਈ. ਨੇ ਆਪਣੀ ਬੇਕਾਬੂ ਤੇਜ਼ ਰਫ਼ਤਾਰ ਕਾਰ ਸੜਕ ਕਿਨਾਰੇ ਲੱਗੇ ਟਰਾਂਸਫਾਰਮਰਾਂ ਵਾਲੇ ਖੰਭੇ ’ਚ ਦੇ ਮਾਰੀ। ਇਹ ਟੱਕਰ ਇੰਨੀ ਭਿਆਨਕ ਸੀ ਕਿ ਖੰਭਾ ਜੜ੍ਹ ਤੋਂ ਉਖੜ ਕੇ ਡਿੱਗ ਪਿਆ ਅਤੇ ਉਸ ’ਤੇ ਲੱਗੇ ਦੋ ਭਾਰੀ ਟਰਾਂਸਫਾਰਮਰ ਟੁੱਟ ਕੇ ਸੜਕ ’ਤੇ ਆ ਗਏ। ਇਸ ਹਾਦਸੇ ਕਾਰਨ ਹਾਈ-ਵੋਲਟੇਜ ਤਾਰਾਂ ਟੁੱਟ ਕੇ ਦੂਰ ਤੱਕ ਖਿੱਲਰ ਗਈਆਂ, ਜਿਸ ਕਾਰਨ ਅੱਧੇ ਸ਼ਹਿਰ ਦੀ ਬਿਜਲੀ ਗੁੱਲ ਹੋ ਗਈ। ਗਨੀਮਤ ਇਹ ਰਹੀ ਕਿ ਉਸ ਸਮੇਂ ਸੜਕ ’ਤੇ ਕੋਈ ਰਾਹਗੀਰ ਮੌਜੂਦ ਨਹੀਂ ਸੀ, ਨਹੀਂ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ।

ਘਟਨਾ ਦੀ ਇਕ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ’ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੁਲਸ ਅਧਿਕਾਰੀ ਦੀ ਕਾਰ ਬੇਹੱਦ ਤੇਜ਼ ਗਤੀ ’ਚ ਸੀ। ਇਕ ਹੋਰ ਗੱਡੀ ਨੂੰ ਓਵਰਟੇਕ (ਕਰਾਂਸ) ਕਰਨ ਤੋਂ ਤੁਰੰਤ ਬਾਅਦ ਕਾਰ ਸਿੱਧੀ ਟਰਾਂਸਫਾਰਮਰ ਵਾਲੇ ਪੋਲ ਨਾਲ ਜਾ ਟਕਰਾਈ। ਟੱਕਰ ਹੁੰਦਿਆਂ ਹੀ ਬਿਜਲੀ ਦੀਆਂ ਤਾਰਾਂ ’ਚ ਜ਼ਬਰਦਸਤ ਸ਼ਾਰਟ ਸਰਕਟ ਹੋਇਆ ਅਤੇ ਅੱਗ ਦਾ ਭਬਾਕਾ ਉੱਠਦਾ ਦਿਖਾਈ ਦਿੱਤਾ। ਹਾਦਸੇ ’ਚ ਪੁਲਸ ਮੁਲਾਜ਼ਮ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ ਦੇ ਖੁਦ ਦੇ ਵੀ ਸੱਟਾਂ ਲੱਗੀਆਂ। 

ਘਟਨਾ ਤੋਂ ਬਾਅਦ ਮੌਕੇ ’ਤੇ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਇਕੱਠੇ ਹੋ ਗਏ। ਲੋਕਾਂ ਨੇ ਦੋਸ਼ ਲਾਇਆ ਕਿ ਕਾਰ ਚਲਾ ਰਿਹਾ ਪੁਲਸ ਅਧਿਕਾਰੀ, ਜੋ ਖ਼ੁਦ ਨੂੰ ਚੌਕੀ ਇੰਚਾਰਜ ਦੋਸਤਪੁਰ ਦੱਸ ਰਿਹਾ ਸੀ, ਸ਼ਰਾਬ ਦੇ ਨਸ਼ੇ ’ਚ ਧੁੱਤ ਸੀ। ਇਸ ਗੱਲ ਨੂੰ ਲੈ ਕੇ ਮੌਕੇ ’ਤੇ ਪਹੁੰਚੇ ਥਾਣਾ ਸਦਰ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਅਤੇ ਲੋਕਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ। ਗੁੱਸੇ ਵਿਚ ਆਏ ਲੋਕ ਮੰਗ ਕਰ ਰਹੇ ਸਨ ਕਿ ਉਕਤ ਏ. ਐੱਸ. ਆਈ. ਦਾ ਮੈਡੀਕਲ ਮੁਲਾਹਿਜ਼ਾ ਤੁਰੰਤ ਉਨ੍ਹਾਂ ਦੀ ਹਾਜ਼ਰੀ ’ਚ ਕਰਵਾਇਆ ਜਾਵੇ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਪੁਲਸ ਆਪਣੇ ਮੁਲਾਜ਼ਮ ਨੂੰ ਬਚਾਉਣ ਲਈ ਰਿਪੋਰਟ ਨਾਲ ਛੇੜਛਾੜ ਕਰ ਸਕਦੀ ਹੈ।

ਦੂਜੇ ਪਾਸੇ ਪਾਵਰਕਾਮ ਦੇ ਜੇ. ਈ. ਸੁਖਦੇਵ ਸਿੰਘ ਨੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਦੱਸਿਆ ਕਿ ਦੋਵੇਂ ਟਰਾਂਸਫਾਰਮਰ, ਖੰਭਾ ਅਤੇ ਤਾਰਾਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ, ਜਿਸ ਨਾਲ ਵਿਭਾਗ ਦਾ ਕਰੀਬ 7-8 ਲੱਖ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਬਹਾਲ ਕਰਨ ਵਿੱਚ ਕਈ ਦਿਨ ਲੱਗ ਸਕਦੇ ਹਨ। ਪਾਵਰਕੌਮ ਵੱਲੋਂ ਨੁਕਸਾਨ ਦੀ ਭਰਪਾਈ ਲਈ ਉੱਚ ਪੁਲਸ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਭੇਜੀ ਜਾਵੇਗੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਅਜਿਹੀ ਹੀ ਇਕ ਘਟਨਾ ’ਚ ਇਕ ਹੋਰ ਪੁਲਸ ਮੁਲਾਜ਼ਮ ਨੇ ਸਬਜ਼ੀ ਦੀ ਰੇਹੜੀ ਨੂੰ ਟੱਕਰ ਮਾਰ ਕੇ ਗਰੀਬ ਰੇਹੜੀ ਵਾਲੇ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ, ਜਿਸ ਕਾਰਨ ਲੋਕਾਂ ਵਿੱਚ ਪੁਲਸ ਦੀ ਕਾਰਜਪ੍ਰਣਾਲੀ ਪ੍ਰਤੀ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ।

By Gurpreet Singh

Leave a Reply

Your email address will not be published. Required fields are marked *