
ਨਵੀਂ ਦਿੱਲੀ, 13 ਜੁਲਾਈ: ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੇ ਉਹਨਾਂ ਦੇ ਅੰਤਿਮ ਸਸਕਾਰ ਦੀ ਵਿਲੱਖਣਾ ਦੀ ਮਨੁੱਖੀ ਇਤਿਹਾਸ ਵਿਚ ਕੋਈ ਬਰਾਬਰੀ ਨਹੀਂ ਮਿਲਦੀ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ ਹੈ।
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਸੰਦੇਸ਼ ਯਾਤਰਾ ਨੂੰ ਰਵਾਨਾ ਕਰਨ ਵਾਸਤੇ ਯੂ ਪੀ ਦੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਕਿਸੇ ਵੀ ਧਰਮ ਦੀ ਰਾਖੀ ਵਾਸਤੇ ਆਪਣੇ ਆਪ ਦੀ ਸ਼ਹਾਦਤ ਦੇਣਾ ਤੇ ਸ਼ਹਾਦਤ ਤੋਂ ਬਾਅਦ ਸਿਰ ਅਤੇ ਧੜ ਦਾ ਅੰਤਿਮ ਸਸਕਾਰ ਦੋ ਵੱਖ-ਵੱਖ ਥਾਵਾਂ ’ਤੇ ਹੋਣਾ, ਇਹ ਅਜਿਹੀ ਵਿਲੱਖਣਤਾ ਹੈ ਜਿਸਦੀ ਮਨੁੱਖੀ ਇਤਿਹਾਸ ਵਿਚ ਕੋਈ ਬਰਾਬਰੀ ਨਹੀਂ ਮਿਲਦੀ।

ਉਹਨਾਂ ਕਿਹਾ ਕਿ ਸਮੇਂ ਦੇ ਜ਼ਾਲਮ ਹਾਕਮ ਔਰੰਗਜੇਬ ਨੇ ਤਿਲਕ ਤੇ ਜੰਜੂ ਨੂੰ ਖ਼ਤਮ ਕਰਨ ਦੀ ਸਹੁੰ ਖਾਧੀ ਸੀ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹਾਦਤ ਦੇ ਕੇ ਨਾ ਸਿਰਫ ਧਰਮ ਦੀ ਰੱਖਿਆ ਕੀਤੀ ਬਲਕਿ ਦੇਸ਼ ਅਤੇ ਸਮਾਜ ਦੀ ਵੀ ਰੱਖਿਆ ਕੀਤੀ।
ਉਹਨਾਂ ਕਿਹਾ ਕਿ ਪਹਿਲਾਂ 2022 ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਲਾਲ ਕਿਲ੍ਹੇ ’ਤੇ ਮਨਾਇਆ ਗਿਆ ਤੇ ਇਸ ਵਾਰ ਗੁਰੂ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਮੌਕੇ ’ਤੇ ਲਾਲ ਕਿਲ੍ਹੇ ’ਤੇ ਵਿਸ਼ਾਲ ਸਮਾਗਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਸਮੇਂ ਦਾ ਫੇਰ ਹੈ ਕਿ ਜਿਸ ਔਰੰਗਜੇਬ ਨੇ ਲਾਲ ਕਿਲ੍ਹੇ ਤੋਂ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਸੀ, ਉਸਦੀ ਮੜ੍ਹੀ ’ਤੇ ਕੋਈ ਦੀਵਾ ਵੀ ਨਹੀਂ ਬਾਲਦਾ ਜਦੋਂ ਕਿ ਲਾਲ ਕਿਲ੍ਹੇ ’ਤੇ ਹੀ ਗੁਰੂ ਸਾਹਿਬ ਦਾ 350 ਸਾਲਾ ਸ਼ਹੀਦੀ ਦਿਹਾੜਾ ਬਹੁਤ ਵੱਡੀ ਪੱਧਰ ’ਤੇ ਮਨਾਇਆ ਜਾਵੇਗਾ।
ਸ਼ਹੀਦੀ ਸੰਦੇਸ਼ ਯਾਤਰਾ ਕੱਢਣ ਤੇ ਆਪਣੀ ਰਿਹਾਇਸ਼ ’ਤੇ ਸਮਾਗਮ ਕਰਨ ਦੇ ਕੀਤੇ ਉਪਰਾਲੇ ਲਈ ਮੁੱਖ ਮੰਤਰੀ ਯੋਗੀ ਆਦਿਤਯਨਾਥ ਦਾ ਧੰਨਵਾਦ ਕਰਦਿਆਂ ਉਹਨਾਂ ਕਿਹਾ ਕਿ ਇਸ ਸਰਕਾਰ ਦੇ ਰਾਜਕਾਲ ਵਿਚ ਸਿੱਖ ਧਰਮ ਤੇ ਸਿੱਖ ਭਾਈਚਾਰੇ ਨੂੰ ਹਮੇਸ਼ਾ ਵੱਡਾ ਸਤਿਕਾਰ ਮਿਲਿਆ ਹੈ।
ਉਹਨਾਂ ਇਹ ਵੀ ਦੱਸਿਆ ਕਿ ਇਹ ਬਲਿਦਾਨ ਸੰਦੇਸ਼ ਯਾਤਰਾ ਲਖਨਊ ਤੋਂ ਸ਼ੁਰੂ ਹੋਈ ਸੀ ਜੌ ਗੁਰੂ ਕਾ ਤਾਲ ਆਗਰਾ ਤੋਂ ਹੁੰਦੇ ਹੋਏ ਅੱਜ ਗੁਰੂ ਸਾਹਿਬ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਂਕ ਦਿੱਲੀ ਪਹੁੰਚੇਗੀ ਜਿਥੇ ਵਿਸ਼ਾਲ ਕੀਰਤਨ ਸਮਾਗਮ ਹੋਵੇਗਾ।
ਇਸ ਮੌਕੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਅਤੇ ਜਨੇਊ ਦੀ ਰੱਖਿਆ ਕਰਕੇ ਹਿੰਦੂ ਧਰਮ ਬਚਾਇਆ ਜਿਸ ਕਾਰਨ ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ। ਉਹਨਾਂ ਕਿਹਾ ਕਿ ਔਰੰਗਜੇਬ ਦੀਆਂ ਧਮਕੀਆਂ ਤੋਂ ਨਾ ਗੁਰੂ ਸਾਹਿਬ ਡਰੇ ਤੇ ਨਾ ਹੀ ਭਾਈ ਮਤੀ ਦਾਸ, ਭਾਈ ਸਤੀ ਦਾਸ ਜਾਂ ਭਾਈ ਦਿਆਲਾ ਜੀ ਡਰੇ ਬਲਕਿ ਆਪਣੀਆਂ ਸ਼ਹਾਦਤਾਂ ਦੇ ਕੇ ਉਸ ਦੀ ਸੋਚ ਨੂੰ ਗਲਤ ਸਾਬਤ ਕਰ ਦਿੱਤਾ। ਉਹਨਾਂ ਕਿਹਾ ਕਿ ਸਮੁੱਚਾ ਦੇਸ਼ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਬਹੁਤ ਵੱਡੀ ਪੱਧਰ ’ਤੇ ਮਨਾ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਰਿਹਾ ਹੈ।
