ਕਾਸਗੰਜ : ਉੱਤਰ ਪ੍ਰਦੇਸ਼ ਦੇ ਕਾਸਗੰਜ ਵਿੱਚ ਇਕ ਅਜਿਹੀ ਘਟਨਾ ਵਾਪਰੀ, ਜਿਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ। ਉਕਤ ਇਲਾਕੇ ਵਿਚ ਰਹਿਣ ਵਾਲੀ 9 ਬੱਚਿਆਂ ਦੀ ਇਕ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਔਰਤ ਆਪਣੇ ਬੱਚਿਆਂ ਨੂੰ ਛੱਡ ਪ੍ਰੇਮੀ ਨਾਲ ਘਰੋਂ ਭੱਜ ਗਈ ਹੈ।
ਦੱਸ ਦੇਈਏ ਕਿ ਇਹ ਘਟਨਾ ਪਟਿਆਲੀ ਥਾਣਾ ਖੇਤਰ ਦੇ ਭਾਰਗੇਨ ਪਿੰਡ ਵਿੱਚ ਵਾਪਰੀ ਹੈ। ਪੁਲਸ ਨੇ ਪਤਨੀ ਅਤੇ ਉਸਦੇ ਪ੍ਰੇਮੀ ਵਿਰੁੱਧ ਲਿਖਤੀ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਪਤੀ ਦੀ ਲਾਸ਼ ਪੁਲਸ ਨੇ ਇਕ ਬੰਦ ਪਏ ਇੱਟਾਂ ਦੇ ਭੱਠੇ ਤੋਂ ਬਰਾਮਦ ਕਰ ਲਈ ਹੈ, ਜਿਸ ਦੀ ਪਛਾਣ ਕਾਸਗੰਜ ਦੇ ਰਹਿਣ ਵਾਲੇ ਰਤੀਰਾਮ ਵਜੋਂ ਹੋਈ ਹੈ। ਮੁਲਜ਼ਮ ਪਤਨੀ ਦੀ ਪਛਾਣ ਰੀਨਾ ਅਤੇ ਉਸ ਦੇ ਪ੍ਰੇਮੀ ਦੀ ਪਛਾਣ ਹਨੀਫ਼ ਵਜੋਂ ਹੋਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਕਿਹਾ ਕਿ ਜਲਦੀ ਹੀ ਰੀਨਾ ਨੂੰ ਕਾਬੂ ਕਰ ਲਿਆ ਜਾਵੇਗਾ।
ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੂੰ ਪਤਾ ਲੱਗਾ ਹੈ ਕਿ ਰਤੀਰਾਮ ਦੀ ਪਤਨੀ ਰੀਨਾ ਦੇ ਹਨੀਫ਼ ਨਾਮਕ ਨੌਜਵਾਨ ਨਾਲ ਨਾਜਾਇਜ਼ ਸਬੰਧ ਸਨ। ਜਿਸ ਕਾਰਨ ਦੋਵਾਂ ਵਿੱਚ ਕਾਫ਼ੀ ਸਮੇਂ ਤੋਂ ਝਗੜੇ ਚੱਲ ਰਹੇ ਸਨ। ਇਨ੍ਹਾਂ ਮਤਭੇਦਾਂ ਦੇ ਵਿਚਕਾਰ ਰੀਨਾ ਨੇ ਆਪਣੇ ਪ੍ਰੇਮੀ ਹਨੀਫ਼ ਨਾਲ ਮਿਲ ਕੇ ਰਤੀਰਾਮ ਦੇ ਕਤਲ ਦੀ ਸਾਜ਼ਿਸ਼ ਰਚੀ। ਕਤਲ ਕਰਨ ਤੋਂ ਬਾਅਦ ਉਸ ਨੇ ਲਾਸ਼ ਨੂੰ ਇੱਟਾਂ ਦੇ ਭੱਠੇ ‘ਤੇ ਲੁਕੋ ਦਿੱਤਾ ਅਤੇ ਆਪਣੇ 9 ਬੱਚਿਆਂ ਨੂੰ ਇਕੱਲਾ ਛੱਡ ਆਪ ਪ੍ਰੇਮੀ ਨਾਲ ਫ਼ਰਾਰ ਹੋ ਗਈ। ਇਸ ਮਾਮਲੇ ਨੂੰ ਲੈ ਕੇ ਪੁਲਸ ਦੋਵਾਂ ਦੀ ਭਾਲ ਕਰ ਰਹੀ ਹੈ।
