ਰਾਇਲ ਚੈਲੇਂਜਰਜ਼ ਬੰਗਲੌਰ ਨੇ ਆਈਪੀਐੱਲ 2025 ਦੇ ਫਾਈਨਲ ਵਿੱਚ ਪੰਜਾਬ ਕਿੰਗਜ਼ ਨੂੰ ਹਰਾ ਕੇ ਪਹਿਲੀ ਵਾਰ ਖਿਤਾਬ ਆਪਣੇ ਨਾਮ ਕੀਤਾ। ਲੰਬੇ ਸਮੇਂ ਤੋਂ ਖਾਲੀ ਹੱਥ ਪਰਤ ਰਹੀ ਟੀਮ ਨੇ ਜਦੋਂ ਆਖਰਕਾਰ ਟਰਾਫੀ ਚੁੱਕੀ ਤਾਂ ਦੇਸ਼ ਭਰ ਦੇ ਸਮਰਥਕਾਂ ਨੇ ਆਤਿਸ਼ਬਾਜ਼ੀ ਅਤੇ ਢੋਲ ਵਜਾ ਕੇ ਜਿੱਤ ਦਾ ਜਸ਼ਨ ਮਨਾਇਆ। ਇਸ ਖੁਸ਼ੀ ਦੌਰਾਨ ਬੇਲਗਾਮ ਜ਼ਿਲ੍ਹੇ ਦੇ ਮੁਦਲਾਗੀ ਤਾਲੁਕ ਦੇ ਅਵਰਾਡੀ ਪਿੰਡ ਵਿੱਚ 25 ਸਾਲਾ ਮੰਜੂਨਾਥ ਕੁੰਭੜਾ ਜਿੱਤ ਦੀ ਖ਼ੁਸ਼ੀ ਵਿਚ ਨੱਚਦਾ ਹੋਇਆ ਅਚਾਨਕ ਜ਼ਮੀਨ ‘ਤੇ ਡਿੱਗ ਪਿਆ।
ਸਥਾਨਕ ਲੋਕਾਂ ਦੇ ਅਨੁਸਾਰ, ਉਹ ਲਗਾਤਾਰ ਨੱਚ ਰਿਹਾ ਸੀ, ਜਦੋਂ ਉਸਨੂੰ ਛਾਤੀ ਵਿੱਚ ਤੇਜ਼ ਦਰਦ ਮਹਿਸੂਸ ਹੋਇਆ ਤਾਂ ਉਹ ਬੇਹੋਸ਼ ਹੋ ਗਿਆ। ਪਰਿਵਾਰ ਅਤੇ ਦੋਸਤਾਂ ਨੇ ਮੰਜੂਨਾਥ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸ਼ੁਰੂਆਤੀ ਜਾਂਚ ਵਿੱਚ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣ ਦਾ ਖੁਲਾਸਾ ਹੋਇਆ ਹੈ। ਪਤਾ ਲੱਗਾ ਹੈ ਕਿ ਮੰਜੂਨਾਥ ਆਰਸੀਬੀ ਦਾ ਬਹੁਤ ਵੱਡਾ ਪ੍ਰਸ਼ੰਸਕ ਸੀ ਅਤੇ ਟੀਮ ਦੀ ਇਤਿਹਾਸਕ ਜਿੱਤ ਲਈ ਬਹੁਤ ਉਤਸ਼ਾਹਿਤ ਸੀ।
ਦੂਜੇ ਪਾਸੇ ਇਹ ਘਟਨਾ ਮੁਦਲਾਗੀ ਥਾਣਾ ਖੇਤਰ ਵਿੱਚ ਵਾਪਰੀ ਹੈ, ਇਸ ਲਈ ਪੁਲਸ ਨੇ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਹੈ। ਡਾਕਟਰਾਂ ਵਲੋਂ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਤਾਂ ਜੋ ਅੰਤਿਮ ਪੁਸ਼ਟੀ ਕੀਤੀ ਜਾ ਸਕੇ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੰਬੇ ਸਮੇਂ ਤੱਕ ਜਸ਼ਨਾਂ ਤੋਂ ਬਚਣ ਅਤੇ ਆਪਣੀ ਸਿਹਤ ਦਾ ਵੀ ਧਿਆਨ ਰੱਖਣ। ਅਵਾਰੀ ਪਿੰਡ ਵਿੱਚ ਜਿੱਥੇ ਕੱਲ੍ਹ ਰਾਤ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਸੀ, ਉੱਥੇ ਸੰਨਾਟਾ ਛਾ ਗਿਆ। ਗੁਆਂਢੀਆਂ ਨੇ ਕਿਹਾ ਕਿ ਮੰਜੂਨਾਥ ਇੱਕ ਦੋਸਤਾਨਾ ਨੌਜਵਾਨ ਸੀ, ਜੋ ਹਰ ਆਈਪੀਐਲ ਸੀਜ਼ਨ ਵਿੱਚ ਆਰਸੀਬੀ ਦਾ ਦਿਲੋਂ ਸਮਰਥਨ ਕਰਦਾ ਸੀ। ਉਸਦੀ ਬੇਵਕਤੀ ਮੌਤ ਨੇ ਪੂਰੇ ਇਲਾਕੇ ਨੂੰ ਡੂੰਘੇ ਦੁੱਖ ਵਿੱਚ ਡੁੱਬਾ ਦਿੱਤਾ ਹੈ।