ਬੀਐਸਐਫ ਵਿੱਚ ਤਾਇਨਾਤ ਜਵਾਨ ਦੇ ਛਪ ਚੁੱਕੇ ਸਨ ਵਿਆਹ ਦੇ ਕਾਰਡ; ਅਚਾਨਕ ਖੁਸ਼ੀਆਂ ਮਾਤਮ ਵਿੱਚ ਬਦਲੀਆਂ

ਨੈਸ਼ਨਲ ਟਾਈਮਜ਼ ਬਿਊਰੋ :- ਫਾਜ਼ਿਲਕਾ ਦੇ ਪਿੰਡ ਝੁੱਗੇ ਗੁਲਾਬ ਸਿੰਘ ਦੇ ਰਹਿਣ ਵਾਲੇ ਬੀਐਸਐਫ ਵਿੱਚ ਤਾਇਨਾਤ ਜਵਾਨ ਰਜਿੰਦਰ ਸਿੰਘ ਦੇ ਸ਼ਿਲਾਂਗ ਮੇਘਾਲਿਆ ਵਿੱਚ ਗੋਲੀ ਲੱਗਣ ਦੀ ਪਰਿਵਾਰ ਨੂੰ ਖਬਰ ਮਿਲੀ। ਇਸ ਤੋਂ ਕੁਝ ਸਮੇਂ ਬਾਅਦ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਕਿ ਰਜਿੰਦਰ ਸਿੰਘ ਸ਼ਹੀਦ ਹੋ ਗਿਆ ਹੈ। ਹਾਲਾਂਕਿ ਰਜਿੰਦਰ ਨੂੰ ਗੋਲੀ ਕਿਸ ਤਰ੍ਹਾਂ ਲੱਗੀ ਇਸ ਦਾ ਪਤਾ ਨਹੀਂ ਲੱਗ ਸਕਿਆ।

ਜਾਣਕਾਰੀ ਮੁਤਾਬਕ, ਰਜਿੰਦਰ ਸਿੰਘ (30) ਦੋ ਸਾਲ ਪਹਿਲਾਂ ਬੀਐਸਐਫ ਵਿੱਚ ਭਰਤੀ ਹੋਇਆ ਸੀ ਅਤੇ ਇਸ ਸਮੇਂ ਮੇਘਾਲਿਆ ਦੇ ਸ਼ਿਲਾਂਗ ਵਿੱਚ ਬੀਐਸਐਫ ਦੀ 193ਵੀਂ ਬਟਾਲੀਅਨ ਵਿੱਚ ਤਾਇਨਾਤ ਹੈ। ਭਰਤੀ ਹੋਣ ਤੋਂ ਬਾਅਦ ਜਦੋਂ ਰਜਿੰਦਰ ਸਿੰਘ ਘਰ ਪਰਤਿਆ ਤਾਂ ਪਿੰਡ ਵਿੱਚ ਬੈਂਡ ਅਤੇ ਨੋਟਾਂ ਦੇ ਹਾਰਾਂ ਨਾਲ ਉਸਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਸੀ।

 ਕਾਬਿਲੇਗੌਰ ਹੈ ਕਿ ਫਰਵਰੀ 2026 ਵਿੱਚ ਰਜਿੰਦਰ ਸਿੰਘ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਇੱਕ ਦਿਨ ਪਹਿਲਾਂ ਹੀ ਉਸ ਨੇ ਉਸ ਸਮੇਂ ਆਪਣੀ ਭੈਣ ਨਾਲ ਵੀਡੀਓ ਕਾਲ ਕੀਤੀ ਸੀ, ਜਦ ਉਸ ਦੀ ਭੈਣ ਬਾਜ਼ਾਰ ਵਿੱਚ ਉਸ ਦੇ ਵਿਆਹ ਦੀਆਂ ਤਿਆਰੀਆਂ ਲਈ ਖ਼ਰੀਦਦਾਰੀ ਕਰਨ ਗਈ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਉਸ ਦੇ ਭਰਾ ਨਾਲ ਆਖਰੀ ਵੀਡੀਓ ਕਾਲ ਹੋਵੇਗੀ। ਦੱਸਿਆ ਜਾ ਰਿਹਾ ਹੁਣ ਰਾਜਿੰਦਰ ਦੀ ਦੇਹ ਉਸ ਦੇ ਜੱਦੀ ਪਿੰਡ ਝੁੱਗੇ ਗੁਲਾਬ ਸਿੰਘ ਫਾਜ਼ਿਲਕਾ ਲਿਆਂਦੀ ਜਾ ਰਹੀ ਹੈ।

ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਰਫ਼ ਇਹੀ ਦੱਸਿਆ ਗਿਆ ਸੀ ਕਿ ਇੱਕ ਹਾਦਸਾ ਵਾਪਰਿਆ ਹੈ। ਗੋਲੀ ਲੱਗਣ ਨਾਲ ਉਸਦੀ ਜਾਨ ਚਲੀ ਗਈ। ਉਸਦੀ ਸ਼ਹਾਦਤ ਦੇ ਕਾਰਨਾਂ ਬਾਰੇ ਪਰਿਵਾਰ ਨੂੰ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਉਨ੍ਹਾਂ ਨੂੰ ਸਿਰਫ ਇਹ ਦੱਸਿਆ ਗਿਆ ਹੈ ਕਿ ਗੁਲਾਬ ਸਿੰਘ ਨੂੰ ਗੋਲੀ ਲੱਗੀ ਹੈ।

ਪਰਿਵਾਰ ਮੁਤਾਬਕ ਸ਼ਹੀਦ ਰਜਿੰਦਰ ਸਿੰਘ ਦੀ ਦੇਹ ਉਸਦੇ ਜੱਦੀ ਪਿੰਡ, ਝੁੱਗੇ ਗੁਲਾਬ ਸਿੰਘ ਫਾਜ਼ਿਲਕਾ ਲਿਆਂਦੀ ਜਾਵੇਗੀ, ਜਿੱਥੇ ਉਸਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ ਅਤੇ ਪਿੰਡ ਵਾਸੀ ਉਸਨੂੰ ਅੰਤਮ ਵਿਦਾਇਗੀ ਦੇਣਗੇ। ਪਰਿਵਾਰ ਮੁਤਾਬਕ ਰਜਿੰਦਰ ਦਾ ਵਿਆਹ 3 ਫਰਵਰੀ ਨੂੰ ਹੋਣਾ ਸੀ ਅਤੇ ਵਿਆਹ ਦੇ ਕਾਰਡ ਵੀ ਛਪ ਚੁੱਕੇ ਸਨ ਪਰ ਉਹ ਬਿਨਾਂ ਵੰਡੇ ਰਹਿ ਗਏ ਸਨ। ਪਰਿਵਾਰ ਸੋਗ ਦੇ ਹਾਲਾਤ ਵਿੱਚ ਹੈ। ਉਹ ਇਸ ਗੱਲ ਤੋਂ ਵੀ ਨਾਰਾਜ਼ ਹਨ ਕਿ ਸਥਾਨਕ ਪ੍ਰਸ਼ਾਸਨ ਅਤੇ ਵਿਧਾਇਕ ਨੇ ਅਜੇ ਤੱਕ ਉਨ੍ਹਾਂ ਦੀ ਸਾਰ ਤੱਕ ਨਹੀਂ ਲਈ।

By Gurpreet Singh

Leave a Reply

Your email address will not be published. Required fields are marked *