Technology (ਗੁਰਪ੍ਰੀਤ ਸਿੰਘ) : ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ‘ਤੇ ਪੋਸਟ ਕਰਨਾ ਪਸੰਦ ਕਰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਸੋਸ਼ਲ ਮੀਡੀਆ ਪਲੇਟਫਾਰਮ X ਨੇ ਆਪਣੇ Android ਯੂਜ਼ਰਸ ਲਈ ਨਵਾਂ ਫੀਚਰ ਰੋਲਆਊਟ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਹੁਣ ਯੂਜ਼ਰਸ ਆਪਣੀਆਂ ਪੋਸਟਾਂ ਪਹਿਲਾਂ ਹੀ ਸ਼ਡਿਊਲ ਕਰ ਸਕਣਗੇ। ਯਾਨੀ ਤੁਸੀਂ ਆਪਣੀ ਸਹੂਲਤ ਮੁਤਾਬਕ ਪੋਸਟ ਤਿਆਰ ਕਰਕੇ ਉਸ ਦੀ ਤਾਰੀਖ ਅਤੇ ਸਮਾਂ ਤੈਅ ਕਰ ਸਕਦੇ ਹੋ। ਨਿਰਧਾਰਤ ਸਮਾਂ ਆਉਂਦੇ ਹੀ X ਆਪਣੇ ਆਪ ਉਸ ਪੋਸਟ ਨੂੰ ਪਬਲਿਸ਼ ਕਰ ਦੇਵੇਗਾ।
ਹੁਣ ਤੱਕ ਪੋਸਟ ਸ਼ਡਿਊਲ ਕਰਨ ਦੀ ਸਹੂਲਤ X ਦੀ ਵੈੱਬਸਾਈਟ ਅਤੇ iOS ਐਪ ‘ਤੇ ਹੀ ਉਪਲਬਧ ਸੀ। Android ਯੂਜ਼ਰਸ ਲੰਬੇ ਸਮੇਂ ਤੋਂ ਇਸ ਫੀਚਰ ਦੀ ਉਡੀਕ ਕਰ ਰਹੇ ਸਨ। ਹੁਣ ਕੰਪਨੀ ਨੇ ਇਸ ਨੂੰ Android ਐਪ ਲਈ ਵੀ ਜਾਰੀ ਕਰ ਦਿੱਤਾ ਹੈ। ਇਸ ਫੀਚਰ ਦੀ ਖਾਸ ਗੱਲ ਇਹ ਹੈ ਕਿ ਯੂਜ਼ਰਸ 18 ਮਹੀਨੇ ਪਹਿਲਾਂ ਤੱਕ ਆਪਣੀਆਂ ਪੋਸਟਾਂ ਸ਼ਡਿਊਲ ਕਰ ਸਕਣਗੇ। ਇਸ ਦੇ ਨਾਲ ਹੀ ਪੋਸਟ ਵਿੱਚ ਫੋਟੋਆਂ ਅਤੇ ਵੀਡੀਓਜ਼ ਜੋੜਨ ਦੀ ਸਹੂਲਤ ਵੀ ਮਿਲੇਗੀ।
X ਦੇ ਇੰਜੀਨੀਅਰ ਨੇ ਦਿੱਤੀ ਫੀਚਰ ਦੀ ਜਾਣਕਾਰੀ
X ਦੇ ਸਟਾਫ ਸਾਫਟਵੇਅਰ ਇੰਜੀਨੀਅਰ ਐਵਗੇਨੀ ਮਾਤਸਿਯੁਕ ਨੇ ਇੱਕ ਪੋਸਟ ਰਾਹੀਂ ਇਸ ਨਵੇਂ ਫੀਚਰ ਦੇ ਰੋਲਆਊਟ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇਸ ਸਬੰਧੀ ਇੱਕ ਵੀਡੀਓ ਵੀ ਸਾਂਝੀ ਕੀਤੀ, ਜਿਸ ਵਿੱਚ ਦੱਸਿਆ ਗਿਆ ਹੈ ਕਿ Android ਐਪ ‘ਤੇ ਪੋਸਟ ਨੂੰ ਕਿਸ ਤਰ੍ਹਾਂ ਸ਼ਡਿਊਲ ਕੀਤਾ ਜਾ ਸਕਦਾ ਹੈ।
ਇਸ ਫੀਚਰ ਦੀ ਵਰਤੋਂ ਕਰਨਾ ਕਾਫੀ ਆਸਾਨ ਹੈ। ਇਸ ਲਈ ਸਭ ਤੋਂ ਪਹਿਲਾਂ ਯੂਜ਼ਰਸ ਨੂੰ ਆਪਣੀ ਪੋਸਟ ਤਿਆਰ ਕਰਨੀ ਹੋਵੇਗੀ। ਇਸ ਵਿੱਚ ਫੋਟੋ ਜਾਂ ਵੀਡੀਓ ਵੀ ਜੋੜੀ ਜਾ ਸਕਦੀ ਹੈ। ਇਸ ਤੋਂ ਬਾਅਦ ਆਪਣੀ ਪਸੰਦ ਮੁਤਾਬਕ ਤਾਰੀਖ ਅਤੇ ਸਮਾਂ ਚੁਣਨਾ ਹੋਵੇਗਾ। ਇਸ ਲਈ Set Schedule ਦਾ ਵਿਕਲਪ ਦਿੱਤਾ ਗਿਆ ਹੈ। ਇਸ ‘ਤੇ ਟੈਪ ਕਰਦੇ ਹੀ ਤੁਹਾਡੀ ਪੋਸਟ ਨਿਰਧਾਰਤ ਸਮੇਂ ਲਈ ਸ਼ਡਿਊਲ ਹੋ ਜਾਵੇਗੀ।
ਪੋਸਟ ਸ਼ਡਿਊਲ ਕਰਨ ਤੋਂ ਬਾਅਦ ਯੂਜ਼ਰਸ ਨੂੰ ਐਪ ਖੁੱਲ੍ਹੀ ਰੱਖਣ ਦੀ ਲੋੜ ਨਹੀਂ ਪਵੇਗੀ। ਉਹ ਫੋਨ ‘ਤੇ ਹੋਰ ਕੰਮ ਕਰ ਸਕਦੇ ਹਨ ਜਾਂ X ‘ਤੇ ਆਮ ਤਰੀਕੇ ਨਾਲ ਬ੍ਰਾਊਜ਼ਿੰਗ ਵੀ ਜਾਰੀ ਰੱਖ ਸਕਦੇ ਹਨ। ਪੋਸਟ ਸ਼ਡਿਊਲ ਹੋਣ ‘ਤੇ ਐਪ ਵੱਲੋਂ ਨੋਟੀਫਿਕੇਸ਼ਨ ਵੀ ਮਿਲੇਗਾ।
Drafts ਸੈਕਸ਼ਨ ਵਿੱਚ ਮਿਲਣਗੀਆਂ ਸ਼ਡਿਊਲ ਕੀਤੀਆਂ ਪੋਸਟਾਂ
X ‘ਤੇ ਸ਼ਡਿਊਲ ਕੀਤੀਆਂ ਸਾਰੀਆਂ ਪੋਸਟਾਂ Drafts ਸੈਕਸ਼ਨ ਵਿੱਚ ਸੇਵ ਹੋ ਜਾਣਗੀਆਂ। ਯੂਜ਼ਰਸ ਇੱਥੇ ਜਾ ਕੇ ਆਪਣੀਆਂ ਪੁਰਾਣੀਆਂ ਸ਼ਡਿਊਲ ਪੋਸਟਾਂ ਦੇਖ ਸਕਣਗੇ। ਜੇਕਰ ਕਿਸੇ ਪੋਸਟ ਵਿੱਚ ਕੋਈ ਬਦਲਾਅ ਕਰਨਾ ਹੋਵੇ ਤਾਂ ਉਸ ਨੂੰ ਐਡਿਟ ਕਰਨ ਦਾ ਵਿਕਲਪ ਵੀ ਮਿਲੇਗਾ। ਇਸ ਤੋਂ ਇਲਾਵਾ ਪੋਸਟ ਦੇ ਪਬਲਿਸ਼ ਹੋਣ ਦੀ ਤਾਰੀਖ ਅਤੇ ਸਮਾਂ ਵੀ ਬਦਲਿਆ ਜਾ ਸਕੇਗਾ।
ਐਡਿਟਿੰਗ ਤੋਂ ਬਾਅਦ ਯੂਜ਼ਰਸ ਨੂੰ Save Changes ‘ਤੇ ਟੈਪ ਕਰਨਾ ਹੋਵੇਗਾ। ਜੇਕਰ ਉਹ ਕੀਤੇ ਗਏ ਬਦਲਾਅ ਨੂੰ ਹਟਾਉਣਾ ਚਾਹੁੰਦੇ ਹਨ ਤਾਂ ਇਸ ਦਾ ਵਿਕਲਪ ਵੀ ਮੌਜੂਦ ਹੋਵੇਗਾ। ਇਸ ਦੇ ਨਾਲ ਹੀ ਲੋੜ ਪੈਣ ‘ਤੇ ਸ਼ਡਿਊਲ ਕੀਤੀ ਪੋਸਟ ਨੂੰ ਪੂਰੀ ਤਰ੍ਹਾਂ ਡਿਲੀਟ ਵੀ ਕੀਤਾ ਜਾ ਸਕਦਾ ਹੈ।
ਇਸ ਅਪਡੇਟ ਨਾਲ Android ਯੂਜ਼ਰਸ ਨੂੰ ਵੀ ਉਹ ਸਹੂਲਤ ਮਿਲਣ ਲੱਗੀ ਹੈ, ਜੋ ਪਹਿਲਾਂ X ਦੀ ਵੈੱਬਸਾਈਟ ਅਤੇ iOS ਐਪ ‘ਤੇ ਉਪਲਬਧ ਸੀ। ਇਸ ਤੋਂ ਇਲਾਵਾ ਕੰਪਨੀ ਨੇ ਹਾਲ ਹੀ ਵਿੱਚ 13 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਦੇ ਅਕਾਊਂਟ ਲਈ Parental Controls ਫੀਚਰ ਵੀ ਜਾਰੀ ਕੀਤਾ ਹੈ। ਇਸ ਦੀ ਮਦਦ ਨਾਲ ਮਾਪੇ ਆਪਣੇ ਅਕਾਊਂਟ ਨੂੰ ਬੱਚਿਆਂ ਦੇ ਅਕਾਊਂਟ ਨਾਲ ਲਿੰਕ ਕਰਕੇ ਵੱਖ-ਵੱਖ ਸੈਟਿੰਗਾਂ ਨੂੰ ਮੈਨੇਜ ਕਰ ਸਕਦੇ ਹਨ।
