ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ’ਚ ‘ਵਜ਼ੂ’ ਕਰਨ ਵਾਲੇ ਨੌਜਵਾਨ ਨੇ ਮੁੜ ਮੰਗੀ ਮੁਆਫ਼ੀ, ਜਾਣੋ ਵਜ੍ਹਾ

ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ’ਚ ਪਿਛਲੇ ਦਿਨੀਂ ਇਕ ਮੁਸਲਮਾਨ ਨੌਜਵਾਨ ਵੱਲੋਂ ਵਜ਼ੂ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਤੋਂ ਬਾਅਦ ਪੈਦਾ ਹੋਏ ਵਿਵਾਦ ਨੂੰ ਲੈ ਕੇ ਹੁਣ ਸਬੰਧਤ ਨੌਜਵਾਨ ਵੱਲੋਂ ਇਕ ਹੋਰ ਵੀਡੀਓ ਜਾਰੀ ਕਰ ਕੇ ਦੂਸਰੀ ਵਾਰ ਮੁਆਫ਼ੀ ਮੰਗੀ ਗਈ ਹੈ। ਦਿੱਲੀ ਦਾ ਰਹਿਣ ਵਾਲਾ ਇਹ ਨੌਜਵਾਨ ਨਵੀਂ ਵੀਡੀਓ ’ਚ ਹੱਥ ਜੋੜ ਕੇ ਕਹਿ ਰਿਹਾ ਹੈ ਕਿ ਉਸ ਕੋਲੋਂ ਅਣਜਾਣੇ ’ਚ ਬਹੁਤ ਵੱਡੀ ਭੁੱਲ ਹੋਈ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਸ ਨੇ ਇਕ ਵੀਡੀਓ ਰਾਹੀਂ ਮੁਆਫ਼ੀ ਮੰਗੀ ਸੀ ਪਰ ਉਸ ਸਮੇਂ ਸੰਗਤਾਂ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਕਿ ਨੌਜਵਾਨ ਹੱਥ ਜੇਬਾਂ ’ਚ ਪਾ ਕੇ ਖੜ੍ਹਾ ਸੀ, ਜਿਸ ਕਾਰਨ ਉਸ ਦੀ ਮੁਆਫ਼ੀ ’ਚ ਸੰਜੀਦਗੀ ਨਜ਼ਰ ਨਹੀਂ ਆ ਰਹੀ ਸੀ। ਇਸੇ ਵਿਰੋਧ ਨੂੰ ਦੇਖਦਿਆਂ ਨੌਜਵਾਨ ਨੇ ਹੁਣ ਦੂਸਰੀ ਵੀਡੀਓ ਵਾਇਰਲ ਕੀਤੀ ਹੈ, ਜਿਸ ’ਚ ਉਹ ਬੇਹੱਦ ਨਿਮਰਤਾ ਨਾਲ ਹੱਥ ਜੋੜ ਕੇ ਸਿੱਖ ਸੰਗਤਾਂ ਕੋਲੋਂ ਮੁਆਫ਼ੀ ਮੰਗ ਰਿਹਾ ਹੈ। ਵਾਇਰਲ ਵੀਡੀਓ ’ਚ ਨੌਜਵਾਨ ਦਾ ਕਹਿਣਾ ਹੈ ਕਿ ਉਸ ਦੀ ਗੁਰੂ ਘਰ ਪ੍ਰਤੀ ਪੂਰੀ ਸ਼ਰਧਾ ਹੈ ਪਰ ਉਸ ਨੂੰ ਸਿੱਖ ਰਹਿਤ ਮਰਿਆਦਾ ਸਬੰਧੀ ਜ਼ਿਆਦਾ ਜਾਣਕਾਰੀ ਨਹੀਂ ਸੀ। ਉਸ ਨੇ ਅਪੀਲ ਕੀਤੀ ਕਿ ਉਸ ਦੀ ਇਸ ਗਲਤੀ ਨੂੰ ਅਣਜਾਣਪੁਣਾ ਸਮਝ ਕੇ ਬਖ਼ਸ਼ ਦਿੱਤਾ ਜਾਵੇ। ਪ੍ਰਸ਼ਾਸਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

By Gurpreet Singh

Leave a Reply

Your email address will not be published. Required fields are marked *