ਕਲਾਨੌਰ ਦੇ ਮੇਨ ਬਾਜ਼ਾਰ ਵਿੱਚ ਦੋ ਕਰਿਆਨੇ ਦੀਆਂ ਦੁਕਾਨਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਛੱਤ ਰਾਹੀਂ ਦੁਕਾਨਾਂ ਅੰਦਰ ਦਾਖਲ ਹੋ ਕੇ ਨਕਦੀ ਤੇ ਸਾਮਾਨ ਲੈ ਕੇ ਫਰਾਰ

ਗੁਰਪ੍ਰੀਤ ਸਿੰਘ :- ਸਰਹੱਦੀ ਕਸਬਾ ਕਲਾਨੌਰ ਦੇ ਮੇਨ ਬਾਜ਼ਾਰ ਵਿੱਚ ਬੀਤੀ ਰਾਤ ਚੋਰਾਂ ਵੱਲੋਂ ਦੋ ਕਰਿਆਨੇ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਦੁਕਾਨਾਂ ਵਿੱਚੋਂ ਨਕਦੀ ਅਤੇ ਕਰਿਆਨੇ ਦਾ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਦੁਕਾਨਦਾਰਾਂ ਵਿੱਚ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਚੋਰਾਂ ਨੇ ਦੁਕਾਨਾਂ ਵਿੱਚ ਦਾਖਲ ਹੋਣ ਲਈ ਨਾਲ ਲੱਗਦੇ ਮਕਾਨ ਦੀ ਛੱਤ ਦਾ ਰਸਤਾ ਵਰਤਿਆ। ਇਸ ਤੋਂ ਬਾਅਦ ਉਹ ਦੁਕਾਨਾਂ ਦੇ ਅੰਦਰ ਪਹੁੰਚੇ ਅਤੇ ਗੱਲਿਆਂ ਵਿੱਚ ਪਈ ਨਕਦੀ ਸਮੇਤ ਹੋਰ ਸਾਮਾਨ ਲੈ ਗਏ। ਦੁਕਾਨਦਾਰਾਂ ਮੁਤਾਬਕ ਚੋਰ ਕਰੀਬ 15 ਤੋਂ 20 ਹਜ਼ਾਰ ਰੁਪਏ ਦੀ ਨਕਦੀ ਤੋਂ ਇਲਾਵਾ ਲਗਭਗ 10 ਕਿਲੋ ਦੇਸੀ ਘਿਓ ਅਤੇ ਹੋਰ ਕਰਿਆਨੇ ਦਾ ਸਾਮਾਨ ਲੈ ਕੇ ਫਰਾਰ ਹੋਏ ਹਨ। ਚੋਰੀ ਹੋਏ ਸਾਮਾਨ ਦੀ ਕੁੱਲ ਕੀਮਤ ਸਬੰਧੀ ਹਾਲੇਤ ਅੰਤਿਮ ਅੰਦਾਜ਼ਾ ਨਹੀਂ ਲਾਇਆ ਗਿਆ।

ਇਸੇ ਤਰ੍ਹਾਂ ਹੀ ਦੂਸਰੀ ਦੁਕਾਨ ਵਿੱਚ ਵੀ 10 ਤੋਂ 15 ਹਜਾਰ ਦੀ ਨਗਦੀ ਅਤੇ ਹੋਰ ਸਮਾਨ ਚੋਰੀ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਚੋਰੀ ਦੀ ਇਹ ਘਟਨਾ ਦੁਕਾਨਾਂ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਕੈਮਰਿਆਂ ਦੀ ਫੁਟੇਜ ਵਿੱਚ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ਨਜ਼ਰ ਆਉਣ ਦੀ ਗੱਲ ਸਾਹਮਣੇ ਆਈ ਹੈ, ਜਿਸ ਦੇ ਆਧਾਰ ’ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਦੁਕਾਨਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਚੋਰਾਂ ਦੀ ਪਛਾਣ ਅਤੇ ਉਨ੍ਹਾਂ ਤੱਕ ਪਹੁੰਚਣ ਲਈ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਦੁਕਾਨਦਾਰਾਂ ਅਤੇ ਬਾਜ਼ਾਰ ਦੇ ਹੋਰ ਕਾਰੋਬਾਰੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਜਲਦ ਜਾਂਚ ਕਰਕੇ ਚੋਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।

By Gurpreet Singh

Leave a Reply

Your email address will not be published. Required fields are marked *