ਰੋਪੜ ਥਰਮਲ ਪਲਾਂਟ ਦਾ ਤੀਜਾ ਯੂਨਿਟ ਵੀ ਹੋਇਆ ਬੰਦ

ਗੁਰਪ੍ਰੀਤ ਸਿੰਘ :- ਪੰਜਾਬ ਵਿੱਚ ਬਿਜਲੀ ਸੰਕਟ ਦੇ ਅਜੇ ਹੱਲ ਹੋਣ ਦੇ ਕੋਈ ਸੰਕੇਤ ਨਹੀਂ ਦਿਖ ਰਹੇ ਹਨ। ਕਈ ਦਿਨਾਂ ਤੋਂ ਬਿਜਲੀ ਦੀ ਮੰਗ 16,000 ਮੈਗਾਵਾਟ ਤੋਂ ਵੱਧ ਗਈ ਹੈ। ਸਰਕਾਰੀ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਮੰਗਲਵਾਰ ਦੁਪਹਿਰ ਤੋਂ ਹੀ ਬੰਦ ਸਨ, ਜਿਸ ਦੀ ਪੁਸ਼ਟੀ ਖੁਦ ਪੰਜਾਬ ਦੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤੀ ਸੀ। ਪਰ ਅੱਜ ਬੁੱਧਵਾਰ ਸਵੇਰੇ 9:30 ਵਜੇ ਦੇ ਕਰੀਬ ਤੀਜਾ ਯੂਨਿਟ ਵੀ ਬੰਦ ਹੋ ਗਿਆ ਹੈ। ਜਿਸ ਕਾਰਨ ਬਿਜਲੀ ਉਤਪਾਦਨ ਘਟਣ ਕਾਰਨ, ਕਈ ਇਲਾਕਿਆਂ ਵਿੱਚ ਲੋਕਾਂ ਨੂੰ ਅਣਐਲਾਨੀ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੰਜਾਬ ਦੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਮੰਗਲਵਾਰ ਨੂੰ ਦੱਸਿਆ ਸੀ ਕਿ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਰੋਪੜ ਦੇ 150 ਮੈਗਾਵਾਟ ਦੀ ਕੁੱਲ ਸਮਰੱਥਾ ਵਾਲੇ ਦੋ ਯੂਨਿਟ ਬੰਦ ਹੋਣ ਦੇ ਬਾਵਜੂਦ, “ਪੰਜਾਬ ਵਿੱਚ ਬਿਜਲੀ ਦੀ ਕੋਈ ਘਾਟ ਨਹੀਂ ਆਈ ਅਤੇ ਕਿਤੇ ਵੀ ਬਿਜਲੀ ਦੀ ਘਾਟ ਨਾਲ ਸਬੰਧਤ ਕੋਈ ਕੱਟ ਨਹੀਂ ਲਗਾਇਆ ਗਿਆ।” “ਰੋਪੜ ਪਾਵਰ ਪਲਾਂਟ ਦੇ ਦੋ ਯੂਨਿਟ, ਜਿਨ੍ਹਾਂ ਦੀ ਕੁੱਲ ਸਮਰੱਥਾ 150 ਮੈਗਾਵਾਟ ਹੈ, ਇਸ ਵੇਲੇ ਬੰਦ ਹਨ, ਇਸ ਦੇ ਨਾਲ ਹੀ ਹੁਣ ਤੀਜਾ ਯੂਨਿਟ ਵੀ ਬੰਦ ਹੋ ਗਿਆ ਹੈ।

ਰਾਜ ਦੀ ਰਿਕਾਰਡ ਮੰਗ ਨੂੰ ਪੂਰਾ ਕਰਨ ਦੀ ਸਮਰੱਥਾ ‘ਤੇ ਚਾਨਣਾ ਪਾਉਂਦਿਆਂ ਬਿਜਲੀ ਮੰਤਰੀ ਨੇ ਕਿਹਾ, “ਬੀਤੇ ਦਿਨ ਪੰਜਾਬ ਨੇ 12 ਸਤੰਬਰ ਨੂੰ ਦੁਪਹਿਰ 2:15 ਵਜੇ 16,268 ਮੈਗਾਵਾਟ, 13 ਸਤੰਬਰ ਨੂੰ ਸਵੇਰੇ 11:45 ਵਜੇ 16,455 ਮੈਗਾਵਾਟ ਅਤੇ 14 ਸਤੰਬਰ ਨੂੰ ਦੁਪਹਿਰ 3:00 ਵਜੇ 17,281 ਮੈਗਾਵਾਟ ਦੀ ਮੰਗ ਨੂੰ ਪੂਰਾ ਕੀਤਾ। 14 ਸਤੰਬਰ ਨੂੰ ਪੂਰੀ ਕੀਤੀ ਗਈ 17,281 ਮੈਗਾਵਾਟ ਦੀ ਮੰਗ ਪੰਜਾਬ ਦੁਆਰਾ ਹੁਣ ਤੱਕ ਦੀ ਸਭ ਤੋਂ ਵੱਧ ਪੂਰੀ ਕੀਤੀ ਗਈ ਮੰਗ ਹੈ। ਦੋ ਯੂਨਿਟ ਬੰਦ ਹੋਣ ਦੇ ਬਾਵਜੂਦ ਸੂਬੇ ਵਿੱਚ ਬਿਜਲੀ ਦੀ ਕੋਈ ਘਾਟ ਨਹੀਂ ਆਈ।”

By Gurpreet Singh

Leave a Reply

Your email address will not be published. Required fields are marked *