ਸੁਲਤਾਨਪੁਰ ਲੋਧੀ – ਸੁਲਤਾਨਪੁਰ ਲੋਧੀ ਦੇ ਪਿੰਡ ਚੂਹੜਪੁਰ ਵਿਚ ਦੋ ਧੜਿਆਂ ਵਿਚ ਹੋਏ ਮਾਮੂਲੀ ਵਿਵਾਦ ਨੇ ਹਿੰਸਕ ਰੂਪ ਧਾਰਨ ਕਰ ਲਿਆ। ਇਸ ਦੌਰਾਨ ਇਕ ਧੜੇ ਵੱਲੋਂ ਦੂਜੇ ਧੜੇ ‘ਤੇ ਫਾਇਰਿੰਗ ਕਰ ਦਿੱਤੀ ਗਈ। ਇਸ ਘਟਨਾ ਵਿਚ 1 ਵਿਅਕਤੀ ਅਤੇ ਦੋ ਔਰਤਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਚ ਇਲਾਜ ਅਧੀਨ ਮਲਕੀਤ ਸਿੰਘ ਪੁੱਤਰ ਸਾਧੂ ਸਿੰਘ ਚੂਹੜਪੁਰ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਏ. ਸੀ. ਲਗਾ ਰਹੇ ਸਨ ਤਾਂ ਸਾਡੇ ਵਾਲੇ ਪਾਸੇ ਝਰੀ ਮਾਰ ਰਹੇ ਸਨ, ਜਿਸ ਤੋਂ ਬਾਅਦ ਅਸੀਂ ਇਸ ਦੀ ਸ਼ਿਕਾਇਤ ਥਾਣਾ ਕਬੀਰਪੁਰ ਪੁਲਸ ਨੂੰ ਦਿੱਤੀ ਸੀ ਅਤੇ ਆਪਣੀ ਸੁਰੱਖਿਆ ਲਈ ਇਕ ਗੇਟ ਲਾ ਲਿਆ ਸੀ।

ਉਨ੍ਹਾਂ ਦੱਸਿਆ ਕਿ ਗੇਟ ਨੂੰ ਪੁੱਟਣ ਲਈ ਅੱਜ ਕੁਝ ਅਣਪਛਾਤੇ ਵਿਅਕਤੀ ਸ਼ਾਮ 6 ਵਜੇ ਦੇ ਕਰੀਬ ਆਏ ਅਤੇ ਆਉਂਦੇ ਸਾਰ ਹੀ ਉਨ੍ਹਾਂ ਨੇ ਸਾਡੇ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੇਟ ਪੁੱਟਣ ਲੱਗੇ। ਇਸ ਦੇ ਬਾਅਦ ਨੌਜਵਾਨਾਂ ਨੇ ਗੋਲ਼ੀ ਵੀ ਚਲਾ ਦਿੱਤੀ ਜੋਕਿ ਮੇਰੀ ਲੱਤ ‘ਤੇ ਲੱਗ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਕਮਲਜੀਤ ਕੌਰ ਪਤਨੀ ਕਰਨੈਲ ਸਿੰਘ, ਹਰਜੀਤ ਕੌਰ ਪਤਨੀ ਮਲਕੀਤ ਸਿੰਘ ਨਿਵਾਸੀ ਚੂਹੜਪੁਰ ਨਾਲ ਗਾਲੀ-ਗਲੋਚ ਕੀਤਾ ਅਤੇ ਉਨ੍ਹਾਂ ‘ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਹੈ। ਜਿਸ ਦੌਰਾਨ ਉਹ ਵੀ ਜ਼ਖ਼ਮੀ ਹੋ ਗਏ ਹਨ, ਜਿਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖ਼ਲ ਕਰਵਾਇਆ ਗਿਆ ਹੈ।

ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਦੋਸ਼ੀਆਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਧਰ ਮੌਕੇ ਉਤੇ ਪਹੁੰਚ ਕੇ ਥਾਣਾ ਕਬੀਰਪੁਰ ਦੇ ਏ. ਐੱਸ. ਆਈ. ਸਤਵਿੰਦਰ ਸਿੰਘ ਨੇ ਪੁਲਸ ਪਾਰਟੀ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ।