ਇਹ ਸਿਰਫ਼ ਅਭਿਆਸ ਹੈ, ਮੌਕ ਡਰਿੱਲ ‘ਤੇ SDM ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਖਾਸ ਅਪੀਲ

ਸ੍ਰੀ ਮੁਕਤਸਰ ਸਾਹਿਬ – ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਕਿਸੇ ਵੀ ਤਰ੍ਹਾਂ ਦੀ ਤਣਾਅਪੂਰਨ ਸਥਿਤੀ ਜਾਂ ਆਫ਼ਤ ਨਾਲ ਨਜਿੱਠਣ ਦੇ ਅਭਿਆਸ ਵਜੋਂ ਸਿਵਲ ਡਿਫੈਂਸ ਪ੍ਰੋਗਰਾਮ ਦੇ ‘ਆਪ੍ਰੇਸ਼ਨ ਸ਼ੀਲਡ’ ਤਹਿਤ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸ੍ਰੀ ਮੁਕਤਸਰ ਸਾਹਿਬ ਵਿਖੇ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਸ੍ਰੀਮਤੀ ਬਲਜੀਤ ਕੌਰ ਦੀ ਨਿਗਰਾਨੀ ਹੇਠ ‘ਮੌਕ ਡਰਿੱਲ’ ਕਰਵਾਈ ਗਈ।

PunjabKesari

ਉਪ ਮੰਡਲ ਮੈਜਿਸਟ੍ਰੇਟ ਨੇ ਕਿਹਾ ਕਿ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸੇ ਵੀ ਤਰ੍ਹਾਂ ਦੀ ਤਣਾਅਪੂਰਨ ਸਥਿਤੀ ਜਾਂ ਆਫ਼ਤ ਨਾਲ ਨਜਿੱਠਣ ਦੀਆਂ ਤਿਆਰੀਆਂ ਵਜੋਂ ਇਹ ‘ਮੌਕ ਡਰਿੱਲ’ ਕਰਵਾਈ ਗਈ ਹੈ, ਇਹ ਸਿਰਫ਼ ਅਭਿਆਸ ਹੈ, ਜ਼ਿਲ੍ਹਾ ਵਾਸੀ ਘਬਰਾਉਣ ਨਾ ਅਤੇ ਅਫਵਾਹਾਂ ਨਾ ਫੈਲਾਈਆਂ ਜਾਣ,  ਸਗੋਂ ਪ੍ਰਸ਼ਾਸਨ ਦਾ ਸਹਿਯੋਗ ਕਰਨ।

ਇਸ ਮੌਕੇ ਡਿਪਟੀ ਕਮਾਂਡਰ ਹੋਮਗਾਰਡ ਫਰੀਦਕੋਟ ਸ੍ਰੀ ਸੁਖਵਿੰਦਰ ਸਿੰਘ ਨੇ ‘ਮੌਕ ਡਰਿੱਲ’ ਬਾਰੇ ਦਫ਼ਤਰ ਵਿਖੇ ਹਾਜ਼ਰ ਅਧਿਕਾਰੀਆਂ, ਕਰਮਚਾਰੀਆਂ ਨੂੰ ਕਿਸੇ ਸੰਕਟ ਦੀ ਸਥਿਤੀ ਵਿੱਚ ਕਿਵੇਂ ਨਜਿੱਠਣਾ ਹੈ ਅਤੇ ਦੂਸਰੇ ਲੋਕਾਂ ਦੀ ਕਿਵੇ ਮੱਦਦ ਕਰਨੀ ਹੈ, ਘਬਰਾਉਣਾ ਨਹੀਂ ਹੈ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਸ ‘ਮੌਕ ਡਰਿੱਲ’ ਦਾ ਮੁੱਖ ਮਕਸਦ ਸੁਚੇਤ ਰਹਿਣਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸਮੇਂ ਸੰਕਟ ਦੀ ਸਥਿਤੀ ਪੈਦਾ ਹੋ ਵੀ ਜਾਂਦੀ ਹੈ ਤਾਂ ਬਲੈਕਆਊਟ ਤੋਂ ਪਹਿਲਾਂ ਸਾਇਰਨ ਵੱਜੇਗਾ, ਜਿਸ ਦੇ ਤੁਰੰਤ ਮਗਰੋਂ ਬਲੈਕਆਊਟ ਹੋਵੇਗਾ ਇਸ ਲਈ ਸਾਇਰਨ ਵੱਜਣ ਮਗਰੋਂ ਲੋਕ ਆਪਣੇ ਘਰਾਂ ਦੀਆਂ ਲਾਇਟਾਂ ਬੰਦ ਕਰ ਦੇਣ ਪਰ ਇਸ ਸਮੇਂ ਦੌਰਾਨ ਐਮਰਜੈਂਸੀ/ਜ਼ਰੂਰੀ ਸਿਹਤ ਸੇਵਾਵਾਂ ਲਈ ਸਿਹਤ ਸੰਸਥਾਵਾਂ ਉਸੇ ਤਰ੍ਹਾਂ ਨਿਰਵਿਘਨ ਸੇਵਾਵਾਂ ਮੁਹੱਈਆ ਕਰਵਾ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਬਲੈਕਆਊਟ ਦੌਰਾਨ ਅਤੇ ਆਪਣੇ ਇਨਵਰਟਰ ਤੇ ਜਨਰੇਟਰ ਆਦਿ ਬੰਦ ਰੱਖਣ। ਇਸ ਦੌਰਾਨ ਕੈਮਰਿਆਂ ਦੀਆਂ ਲਾਈਟਾਂ ਵੀ ਬੰਦ ਰੱਖੀਆਂ ਜਾਣ ਅਤੇ ਸਟਰੀਟ ਲਾਈਟਾਂ ਵੀ ਬੰਦ ਰਹਿਣਗੀਆਂ। ਬਲੈਕਆਊਟ ਦੇ ਅਭਿਆਸ ਦੌਰਾਨ ਲੋਕ ਘਰਾਂ ਵਿਚ ਹੀ ਰਹਿਣ ਅਤੇ ਵਾਹਨ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ।

ਇਸ ‘ਮੌਕ ਡਰਿੱਲ’ ਦੇ ਅਭਿਆਸ ਦੌਰਾਨ ਯੁਵਕ ਸੇਵਾਵਾਂ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਵਲੰਟੀਅਰਾਂ, ਫਾਇਰ ਬ੍ਰਿਗੇਡ, ਸਿਹਤ ਵਿਭਾਗ, ਪੁਲਿਸ ਵਿਭਾਗ ਆਦਿ ਵਿਭਾਗਾਂ ਦਾ ਯੋਗਦਾਨ ਰਿਹਾ।ਇਸ ਮੌਕੇ ਡੀ.ਐਸ.ਪੀ. ਸ੍ਰੀ ਅਮਨਦੀਪ ਸਿੰਘ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅਧਿਕਾਰੀ, ਕਰਮਚਾਰੀਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਕਰਮਚਾਰੀ ਸ਼ਾਮਲ ਸਨ।

By Gurpreet Singh

Leave a Reply

Your email address will not be published. Required fields are marked *