ਹਰਿਆਣਾ ਸਕੱਤਰੇਤ ਤੇ CM ਹਾਊਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਚੰਡੀਗੜ੍ਹ : ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਹਰਿਆਣਾ ਸਿਵਲ ਸਕੱਤਰੇਤ ਦੀ ਨੌਂ ਮੰਜ਼ਿਲਾ ਇਮਾਰਤ ਅਤੇ ਮੁੱਖ ਮੰਤਰੀ ਹਾਊਸ ਨੂੰ ਅੱਜ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਧਮਕੀ ਤੋਂ ਬਾਅਦ ਹਫ਼ੜਾ-ਦਫ਼ੜੀ ਮੱਚ ਗਈ। ਸ਼ੁੱਕਰਵਾਰ ਦੁਪਹਿਰ ਨੂੰ ਬੰਬ ਦੀ ਇਕ ਈ-ਮੇਲ ਮਿਲਣ ਤੋਂ ਬਾਅਦ ਹਰਿਆਣਾ ਸਿਵਲ ਸਕੱਤਰੇਤ ਅਤੇ ਸੀਐੱਮ ਹਾਊਸ ਖਾਲੀ ਕਰਵਾ ਲਿਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਅਤੇ ਪੁਲਿਸ ਕਰਮਚਾਰੀ ਇਮਾਰਤ ਦੀ ਤਲਾਸ਼ੀ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਬੰਬ ਦੀ ਧਮਕੀ ਬਾਰੇ ਅਲਰਟ ਹਰਿਆਣਾ CID ਦੁਆਰਾ ਜਾਰੀ ਕੀਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਕਰਮਚਾਰੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਸਕੱਤਰੇਤ ਦੇ ਨੇੜੇ ਸਥਿਤ ਰਿਹਾਇਸ਼ ਦੇ ਨੇੜੇ ਵੀ ਤਲਾਸ਼ੀ ਲੈ ਰਹੇ ਹਨ।

ਦੱਸ ਦੇਈਏ ਕਿ ਅੱਜ ਯਾਨੀ ਸ਼ੁੱਕਰਵਾਰ ਨੂੰ ਸ਼ਾਮ 4 ਵਜੇ ਹਰਿਆਣਾ ਸਕੱਤਰੇਤ ਅਤੇ ਮੁੱਖ ਮੰਤਰੀ ਹਾਊਸ ਵਿੱਚ ਇੱਕ ਧਮਕੀ ਭਰੀ ਕਾਲ ਆਈ। ਇਸ ਸੂਚਨਾ ਨਾਲ ਹਫ਼ੜਾ-ਦਫ਼ੜੀ ਮੱਚ ਗਈ। ਇਮਾਰਤ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਬੰਬ ਅਤੇ ਡੌਗ ਸਕੁਐਡ ਬੁਲਾ ਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਿਵੇਂ ਹੀ ਪੁਲਸ ਨੂੰ ਬੰਬ ਸਬੰਧੀ ਸੂਚਨਾ ਮਿਲੀ, ਤਾਂ ਉਸ ਸਮੇਂ ਜਾਣਕਾਰੀ ਮਿਲਣ ‘ਤੇ ਬੰਬ ਸਕੁਐਡ, ਫਾਇਰ ਬ੍ਰਿਗੇਡ, ਐਂਬੂਲੈਂਸ, ਕੁਇੱਕ ਰਿਸਪਾਂਸ ਟੀਮ ਅਤੇ ਡੌਗ ਸਕੁਐਡ ਉੱਚ ਸੁਰੱਖਿਆ ਜ਼ੋਨ ਵਿੱਚ ਸਥਿਤ ਸਕੱਤਰੇਤ ਕੰਪਲੈਕਸ ਵਿੱਚ ਪਹੁੰਚ ਗਏ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 22 ਮਈ ਨੂੰ ਚੰਡੀਗੜ੍ਹ ਸਥਿਤ ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਇਹ ਧਮਕੀ ਸਵੇਰੇ 11:30 ਵਜੇ ਇੱਕ ਈਮੇਲ ਰਾਹੀਂ ਭੇਜੀ ਗਈ ਸੀ, ਜਿਸ ਤੋਂ ਬਾਅਦ ਅਦਾਲਤੀ ਕਮਰੇ ਖਾਲੀ ਕਰਵਾ ਲਏ ਗਏ। ਬੰਬ ਅਤੇ ਡੌਗ ਸਕੁਐਡ ਦਸਤੇ ਦੀ ਮਦਦ ਨਾਲ ਇਮਾਰਤ ਦੀ ਤਲਾਸ਼ੀ ਲਈ ਗਈ। ਹਾਲਾਂਕਿ, ਜਾਂਚ ਵਿੱਚ ਕੁਝ ਵੀ ਸ਼ੱਕੀ ਨਹੀਂ ਮਿਲਿਆ। ਦੂਜੇ ਪਾਸੇ, 21 ਮਈ ਨੂੰ ਗੁਰੂਗ੍ਰਾਮ, ਫਤਿਹਾਬਾਦ ਅਤੇ ਅੰਬਾਲਾ ਵਿੱਚ ਮਿੰਨੀ ਸਕੱਤਰੇਤ ਅਤੇ ਡੀਸੀ ਦਫ਼ਤਰ ਨੂੰ ਆਰਡੀਐਕਸ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ।

By Gurpreet Singh

Leave a Reply

Your email address will not be published. Required fields are marked *