ਅਸਮਾਨੋਂ ਵਰ੍ਹੀ ਕਹਿਰ ਦੀ ਬਾਰਿਸ਼! ਜ਼ਮੀਨ ਖਿਸਕਣ ਨਾਲ ਪੂਰਾ ਪਿੰਡ ਤਬਾਹ, 1000 ਤੋਂ ਵੱਧ ਲੋਕਾਂ ਦੀ ਮੌਤ

ਨੈਸ਼ਨਲ ਟਾਈਮਜ਼ ਬਿਊਰੋ :- ਪੱਛਮੀ ਸੂਡਾਨ ਦੇ ਮਾਰਾ ਪਹਾੜੀ ਖੇਤਰ ਵਿੱਚ ਜ਼ਮੀਨ ਖਿਸਕਣ ਨਾਲ ਇੱਕ ਪੂਰਾ ਪਿੰਡ ਤਬਾਹ ਹੋ ਗਿਆ ਹੈ। 31 ਅਗਸਤ ਨੂੰ ਭਾਰੀ ਬਾਰਿਸ਼ ਤੋਂ ਬਾਅਦ ਜ਼ਮੀਨ ਖਿਸਕਣ ਦੀ ਹੋਈ ਇਸ ਘਟਨਾ ਨਾਲ ਘੱਟੋ-ਘੱਟ 1000 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਸਿਰਫ਼ ਇੱਕ ਵਿਅਕਤੀ ਹੀ ਜ਼ਿੰਦਾ ਬਚਿਆ। ਇਹ ਜਾਣਕਾਰੀ ਸੂਡਾਨ ਲਿਬਰੇਸ਼ਨ ਮੂਵਮੈਂਟ/ਆਰਮੀ (SLM/A) ਨੇ ਸੋਮਵਾਰ ਨੂੰ ਦਿੱਤੀ।

ਪੂਰਾ ਪਿੰਡ ਤਬਾਹ ਹੋ ਗਿਆ
SLM/A ਦੇ ਨੇਤਾ ਅਬਦੁਲਵਾਹਿਦ ਮੁਹੰਮਦ ਨੂਰ ਨੇ ਦੱਸਿਆ ਕਿ ਇਹ ਪਿੰਡ ਹੁਣ ਪੂਰੀ ਤਰ੍ਹਾਂ ਮਿੱਟੀ ਵਿੱਚ ਦੱਬਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਇਲਾਕਾ ਦਾਰਫੁਰ ਵਿੱਚ ਪੈਂਦਾ ਹੈ ਅਤੇ ਇਸ ਸਮੇਂ ਸੂਡਾਨੀ ਫੌਜ ਅਤੇ ਅਰਧ ਸੈਨਿਕ ਬਲ RSF (ਰੈਪਿਡ ਸਪੋਰਟ ਫੋਰਸਿਜ਼) ਵਿਚਕਾਰ ਚੱਲ ਰਹੀ ਜੰਗ ਤੋਂ ਪੀੜਤ ਹੈ। ਜੰਗ ਕਾਰਨ ਬਹੁਤ ਸਾਰੇ ਲੋਕ ਸੁਰੱਖਿਅਤ ਜਗ੍ਹਾ ਦੀ ਭਾਲ ਵਿੱਚ ਮਾਰਾ ਪਹਾੜੀਆਂ ਵੱਲ ਭੱਜ ਗਏ ਹਨ।

ਭੁੱਖਮਰੀ ਅਤੇ ਬਿਮਾਰੀਆਂ ਨਾਲ ਜੂਝ ਰਹੇ ਲੋਕ
SLM/A ਨੇ ਦੱਸਿਆ ਕਿ ਇਸ ਇਲਾਕੇ ਵਿੱਚ ਪਹਿਲਾਂ ਹੀ ਭੋਜਨ ਅਤੇ ਦਵਾਈਆਂ ਦੀ ਵੱਡੀ ਘਾਟ ਸੀ। ਲੋਕ ਜੰਗ ਤੋਂ ਆਪਣੀ ਜਾਨ ਬਚਾਉਣ ਲਈ ਇੱਥੇ ਸ਼ਰਨ ਲੈਣ ਆਏ ਸਨ, ਪਰ ਹੁਣ ਜ਼ਮੀਨ ਖਿਸਕਣ ਦੀ ਘਟਨਾ ਨੇ ਉਨ੍ਹਾਂ ਦੀ ਆਖਰੀ ਉਮੀਦ ਵੀ ਖੋਹ ਲਈ ਹੈ।

ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਮਦਦ ਦੀ ਅਪੀਲ
ਸੰਸਥਾ ਨੇ ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਰਾਹਤ ਸੰਗਠਨਾਂ ਨੂੰ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਮਲਬੇ ਹੇਠ ਦੱਬੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਸਕੇ ਅਤੇ ਜੋ ਅਜੇ ਵੀ ਜ਼ਿੰਦਾ ਹਨ, ਉਨ੍ਹਾਂ ਨੂੰ ਤੁਰੰਤ ਰਾਹਤ ਮਿਲ ਸਕੇ। ਮ੍ਰਿਤਕਾਂ ਵਿੱਚ ਮਰਦ, ਔਰਤਾਂ ਅਤੇ ਬੱਚੇ ਸ਼ਾਮਲ ਹਨ।

ਜੰਗ ਤੋਂ ਹੋਈ ਤਬਾਹੀ ਦਾ ਪਿਛੋਕੜ
ਸੂਡਾਨ ਵਿੱਚ ਪਿਛਲੇ ਦੋ ਸਾਲਾਂ ਤੋਂ ਘਰੇਲੂ ਯੁੱਧ ਚੱਲ ਰਿਹਾ ਹੈ। ਸੁਡਾਨੀ ਫੌਜ ਅਤੇ ਆਰਐੱਸਐੱਫ ਵਿਚਕਾਰ ਲੜਾਈ ਨੇ ਸਥਿਤੀ ਨੂੰ ਹੋਰ ਵੀ ਬਦਤਰ ਬਣਾ ਦਿੱਤਾ ਹੈ। ਦੇਸ਼ ਦੀ ਅੱਧੀ ਤੋਂ ਵੱਧ ਆਬਾਦੀ ਭੁੱਖਮਰੀ ਦੇ ਕੰਢੇ ‘ਤੇ ਹੈ ਅਤੇ ਲੱਖਾਂ ਲੋਕ ਆਪਣੇ ਘਰਾਂ ਤੋਂ ਭੱਜ ਗਏ ਹਨ। ਦਾਰਫੂਰ ਦਾ ਮੁੱਖ ਸ਼ਹਿਰ ਅਲ-ਫਾਸ਼ੀਰ ਇਸ ਸਮੇਂ ਯੁੱਧ ਦੀ ਲਪੇਟ ਵਿੱਚ ਹੈ ਅਤੇ ਉੱਥੇ ਲਗਾਤਾਰ ਹਮਲੇ ਹੋ ਰਹੇ ਹਨ।

By Gurpreet Singh

Leave a Reply

Your email address will not be published. Required fields are marked *