ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਸੜਕ ਹਾਦਸੇ ਨੇ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੀ ਲਾਲੜੂ ਮੰਡੀ ਵਾਸੀ ਪਰਿਵਾਰ ਨੂੰ ਗਹਿਰਾ ਸਦਮਾ ਦੇ ਦਿੱਤਾ ਹੈ। ਹਾਈਵੇਅ-401 ’ਤੇ 5 ਜਨਵਰੀ ਨੂੰ ਵਾਪਰੇ ਇਕ ਭਿਆਨਕ ਹਾਦਸੇ ਵਿੱਚ 22 ਸਾਲਾ ਵਿਦਿਆਰਥੀ ਅਰਮਾਨ ਚੌਹਾਨ ਦੀ ਮੌਤ ਹੋ ਗਈ। ਇਹ ਹਾਦਸਾ ਕਰਾਮਾਹੇ ਟਾਊਨਸ਼ਿਪ ਨੇੜੇ ਵਾਪਰਿਆ, ਜਿੱਥੇ ਹਾਲਾਤ ਅਜੇ ਵੀ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋ ਸਕੇ।
ਮ੍ਰਿਤਕ ਅਰਮਾਨ ਚੌਹਾਨ ਮੋਹਾਲੀ ਜ਼ਿਲ੍ਹੇ ਦੀ ਲਾਲੜੂ ਮੰਡੀ ਦਾ ਰਹਿਣ ਵਾਲਾ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਰਿਵਾਰਕ ਜਾਣਕਾਰੀ ਮੁਤਾਬਕ ਅਰਮਾਨ ਉੱਚ ਸਿੱਖਿਆ ਹਾਸਲ ਕਰਨ ਲਈ ਕੈਨੇਡਾ ਗਿਆ ਹੋਇਆ ਸੀ। ਪੁਲਿਸ ਅਨੁਸਾਰ ਹਾਦਸੇ ਤੋਂ ਪਹਿਲਾਂ ਉਹ ਆਪਣੇ ਇਕ ਦੋਸਤ ਨਾਲ ਮੋਂਟਰੀਅਲ ਤੋਂ ਟੋਰਾਂਟੋ ਵੱਲ ਜਾ ਰਿਹਾ ਸੀ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹਾਦਸੇ ਸਮੇਂ ਅਰਮਾਨ ਹਾਈਵੇਅ ’ਤੇ ਪੈਦਲ ਮਿਲਿਆ।
ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹਾਈਵੇਅ ਦੀ ਵੈਸਟਬਾਊਂਡ ਲੇਨ ਵਿੱਚ ਇਕ ਪੈਦਲ ਵਿਅਕਤੀ ਨੂੰ ਕਾਰ ਨੇ ਟੱਕਰ ਮਾਰੀ ਹੈ। ਮੌਕੇ ’ਤੇ ਪੁੱਜਣ ’ਤੇ ਪੁਲਿਸ ਨੇ ਮੀਡੀਅਨ ਕੋਲ ਇਕ ਕਾਰ ਖੜੀ ਹੋਈ ਪਾਈ, ਪਰ ਇਹ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਕਿ ਅਰਮਾਨ ਨੂੰ ਉਸੇ ਕਾਰ ਨੇ ਟੱਕਰ ਮਾਰੀ ਜਾਂ ਕਿਸੇ ਹੋਰ ਵਾਹਨ ਨਾਲ ਇਹ ਹਾਦਸਾ ਵਾਪਰਿਆ। ਪੁਲਿਸ ਵੱਲੋਂ ਨੇੜਲੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਅਤੇ ਵਾਹਨਾਂ ਦੀਆਂ ਡੈਸ਼ਕੈਮ ਵੀਡੀਓਜ਼ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੂਰੇ ਮਾਮਲੇ ਦੀ ਕੜੀ ਜੋੜੀ ਜਾ ਸਕੇ।
ਹਾਦਸੇ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਵੱਲੋਂ ਤੁਰੰਤ ਮਦਦ ਦੀ ਕੋਸ਼ਿਸ਼ ਕੀਤੀ ਗਈ, ਪਰ ਅਰਮਾਨ ਗੰਭੀਰ ਜ਼ਖ਼ਮਾਂ ਕਾਰਨ ਦਮ ਤੋੜ ਗਿਆ। ਇਸ ਘਟਨਾ ਦੀ ਖ਼ਬਰ ਮਿਲਦੇ ਹੀ ਪੰਜਾਬ ਵਿੱਚ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਰਿਵਾਰ ਨੇ ਮਾਮਲੇ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ।
ਉਧਰ, ਵਿੱਤੀ ਤੰਗੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਰਿਵਾਰ ਵੱਲੋਂ ਪ੍ਰਸ਼ਾਸਨ ਅਤੇ ਭਾਰਤ ਸਰਕਾਰ ਕੋਲ ਅਪੀਲ ਕੀਤੀ ਗਈ ਹੈ ਕਿ ਅਰਮਾਨ ਦੀ ਮ੍ਰਿਤਕ ਦੇਹ ਨੂੰ ਵਤਨ ਵਾਪਸ ਲਿਆਂਦੇ ਜਾਣ ਵਿੱਚ ਮਦਦ ਕੀਤੀ ਜਾਵੇ। ਕੈਨੇਡਾ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਤੋਂ ਪਰਦਾ ਉਠਣ ਦੀ ਉਡੀਕ ਕੀਤੀ ਜਾ ਰਹੀ ਹੈ।
