ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਪੀਐੱਮ ਮੋਦੀ ਦੀ ਦੋਸਤੀ ‘ਚ ਫਿੱਕਾਪਣ ਸਾਫ ਨਜ਼ਰ ਆ ਰਿਹਾ ਹੈ। ਇਸ ਕਰਕੇ ਅਮਰੀਕਾ ਵੱਲੋਂ ਭਾਰਤ ‘ਤੇ ਟੈਰਿਫ ਲਗਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਇੰਨਾ ਹੀ ਨਹੀਂ ਹਾਲ ਦੇ ਵਿੱਚ ਟਰੰਪ ਵੱਲੋਂ ਪਾਕਿ ਦੇ ਨਾਲ ਤੇਲ ਦਾ ਵੀ ਸੌਦਾ ਕੀਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਸਲਾਹਕਾਰ ਨੇ ਭਾਰਤ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ‘ਦ ਗਾਰਜੀਅਨ’ ਦੀ ਰਿਪੋਰਟ ਅਨੁਸਾਰ, ਟਰੰਪ ਦੇ ਸਹਿਯੋਗੀ ਸਟੀਫਨ ਮਿਲਰ ਨੇ ਦੋਸ਼ ਲਾਇਆ ਕਿ ਭਾਰਤ ਰੂਸ ਤੋਂ ਤੇਲ ਖਰੀਦ ਕੇ ਯੂਕਰੇਨ ਵਿੱਚ ਚੱਲ ਰਹੀ ਜੰਗ ਨੂੰ ਵਧਾਵਾ ਦੇ ਰਿਹਾ ਹੈ।
ਸਟੀਫਨ ਮਿਲਰ, ਜੋ ਵ੍ਹਾਈਟ ਹਾਊਸ ਦੇ ਡਿਪਟੀ ਚੀਫ਼ ਆਫ਼ ਸਟਾਫ਼ ਰਹਿ ਚੁੱਕੇ ਹਨ ਅਤੇ ਟਰੰਪ ਦੇ ਸਭ ਤੋਂ ਪ੍ਰਭਾਵਸ਼ਾਲੀ ਸਹਿਯੋਗੀਆਂ ‘ਚੋਂ ਇੱਕ ਮੰਨੇ ਜਾਂਦੇ ਹਨ, ਉਨ੍ਹਾਂ ਕਿਹਾ ਕਿ “ਟਰੰਪ ਨੇ ਇਹ ਗੱਲ ਬਹੁਤ ਸਾਫ਼ ਕੀਤੀ ਹੈ ਕਿ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣਾ ਅਤੇ ਜੰਗ ਲਈ ਫੰਡਿੰਗ ਕਰਨੀ ਕਬੂਲਯੋਗ ਨਹੀਂ।” ਇਸ ਦੇ ਨਾਲ ਹੀ ਭਾਰਤ ਨੂੰ 100 ਫੀਸਦੀ ਟੈਰੀਫ਼ ਲਗਾਉਣ ਦੀ ਵੀ ਧਮਕੀ ਦਿੱਤੀ ਗਈ ਹੈ।
ਭਾਰਤ ਨੂੰ ਮਿਲੀ 100 ਫੀਸਦੀ ਟੈਰੀਫ਼ ਲਗਾਉਣ ਦੀ ਧਮਕੀ
ਸਟੀਫਨ ਮਿਲਰ ਨੇ ਕਿਹਾ, “ਲੋਕ ਇਹ ਸੁਣ ਕੇ ਹੈਰਾਨ ਰਹਿ ਜਾਣਗੇ ਕਿ ਰੂਸੀ ਤੇਲ ਖਰੀਦਣ ਦੇ ਮਾਮਲੇ ਵਿੱਚ ਭਾਰਤ ਚੀਨ ਦੇ ਨਾਲ ਖੜਾ ਹੈ। ਇਹ ਵੀ ਕਾਫੀ ਹੈਰਾਨੀਜਨਕ ਗੱਲ ਹੈ।”
ਹਾਲਾਂਕਿ ਰੌਇਟਰਜ਼ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਦੀਆਂ ਧਮਕੀਆਂ ਦੇ ਬਾਵਜੂਦ ਭਾਰਤ ਮਾਸਕੋ ਤੋਂ ਤੇਲ ਖਰੀਦਣਾ ਜਾਰੀ ਰੱਖੇਗਾ। ਇਹ ਵੀ ਕਿਹਾ ਗਿਆ ਹੈ ਕਿ ਜੇਕਰ ਭਾਰਤ ਨੇ ਟਰੰਪ ਦੀ ਗੱਲ ਨਹੀਂ ਮੰਨੀ, ਤਾਂ ਉਸ ‘ਤੇ 100 ਫੀਸਦੀ ਟੈਰੀਫ਼ ਲਗਾਇਆ ਜਾ ਸਕਦਾ ਹੈ।
ਅਮਰੀਕਾ ਭਾਰਤ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ‘ਚ
ਭਾਰਤ ਅਤੇ ਅਮਰੀਕਾ ਵਿਚਕਾਰ ਹਜੇ ਤੱਕ ਵਪਾਰ ਸੰਬੰਧੀ ਕੋਈ ਅੰਤਿਮ ਸੌਦਾ ਨਹੀਂ ਹੋ ਸਕਿਆ। ਦੋਹਾਂ ਦੇਸ਼ਾਂ ਵਿਚਕਾਰ ਕਈ ਵਾਰ ਗੱਲਬਾਤ ਹੋ ਚੁੱਕੀ ਹੈ। ਇਸ ਦੌਰਾਨ, ਟਰੰਪ ਨੇ ਭਾਰਤ ‘ਤੇ ਦਬਾਅ ਵਧਾਉਣ ਲਈ 25 ਫੀਸਦੀ ਟੈਰੀਫ਼ (25 percent tariff) ਲਗਾ ਦਿੱਤਾ ਹੈ। ਉਸ ਨੇ 31 ਜੁਲਾਈ ਨੂੰ ਇਹ ਐਲਾਨ ਕੀਤਾ ਸੀ, ਜੋ ਐਲਾਨ ਤੋਂ ਇੱਕ ਹਫ਼ਤਾ ਬਾਅਦ ਲਾਗੂ ਹੋਵੇਗਾ।
ਅਮਰੀਕਾ ਚਾਹੁੰਦਾ ਹੈ ਕਿ ਭਾਰਤ ਖੇਤੀਬਾੜੀ ਅਤੇ ਡੇਅਰੀ ਸੈਕਟਰ ‘ਚ ਛੋਟ ਦੇਵੇ ਅਤੇ ਇਸ ਮਾਮਲੇ ‘ਚ ਸੌਦੇ ‘ਤੇ ਹਸਤਾਖਰ ਕਰੇ, ਪਰ ਭਾਰਤ ਇਸ ਲਈ ਤਿਆਰ ਨਹੀਂ। ਇਸੇ ਕਰਕੇ ਦੋਹਾਂ ਦੇਸ਼ਾਂ ਵਿਚਕਾਰ ਵਪਾਰਕ ਸੌਦੇ ਦੀ ਗੱਲ ਅਟਕੀ ਹੋਈ ਹੈ। ਟਰੰਪ ਵਾਰੀ-ਵਾਰੀ ਧਮਕੀ ਦੇ ਕੇ ਭਾਰਤ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।