ਨੈਸ਼ਨਲ ਟਾਈਮਜ਼ ਬਿਊਰੋ :- ਗਿੱਦੜਬਾਹਾ ਦੇ ਕੋਠੇ ਦਸ਼ਮੇਸ਼ ਨਗਰ ਵਿੱਚ ਪਾਣੀ ਵਾਲੇ ਖਾਲ ਦੇ ਪੁਰਾਣੇ ਵਿਵਾਦ ਨੇ ਖੂਨੀ ਰੂਪ ਧਾਰ ਲਿਆ। ਦੋ ਧਿਰਾਂ ਵਿਚਾਲੇ ਤਕਰਾਰ ਇੰਨੀ ਵਧ ਗਈ ਕਿ ਗੋਲੀਆਂ ਤੱਕ ਚੱਲ ਗਈਆਂ। ਇਸ ਗੋਲੀਬਾਰੀ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਦੀ ਹਰ ਪੱਖੋਂ ਤਫਤੀਸ਼ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤ ਗਿੱਦੜਬਾਹਾ ਦੇ ਕੋਟ ਭਾਈ ਠਾਣੇ ਦੇ ਅਧੀਨ ਆਉਂਦੇ ਕੋਠੇ ਦਸ਼ਮੇਸ਼ ਨਗਰ ਵਿੱਚ ਪਾਣੀ ਵਾਲੇ ਖਾਲ ਨੂੰ ਲੈ ਕੇ ਚੱਲ ਰਹੇ ਪੁਰਾਣੇ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ। ਦੱਸਿਆ ਜਾ ਰਿਹਾ ਹੈ ਕਿ ਖਾਲ ਨੂੰ ਕਾਫੀ ਸਮੇਂ ਤੋਂ ਬੰਦ ਕੀਤਾ ਹੋਇਆ ਸੀ ਅਤੇ ਜਦੋਂ ਇੱਕ ਧਿਰ ਵੱਲੋਂ ਇਸ ਨੂੰ ਮੁੜ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੂਜੀ ਧਿਰ ਇਸ ਦੇ ਵਿਰੋਧ ਵਿੱਚ ਆਹਮੋ -ਸਾਹਮਣੇ ਆ ਗਈ। ਪਹਿਲਾਂ ਬਹਿਸਬਾਜ਼ੀ ਹੋਈ ਜੋ ਜਲਦੀ ਹੀ ਤਕਰਾਰ ਵਿੱਚ ਤਬਦੀਲ ਹੋ ਗਈ ਅਤੇ ਹਾਲਾਤ ਇੰਨੇ ਬੇਕਾਬੂ ਹੋਏ ਕਿ ਦੋਨਾਂ ਪਾਸਿਆਂ ਵੱਲੋਂ ਇਕ-ਦੂਜੇ ’ਤੇ ਹਮਲਾ ਕਰ ਦਿੱਤਾ ਗਿਆ।
ਇਸ ਦੌਰਾਨ ਗੋਲੀਆਂ ਵੀ ਚੱਲੀਆਂ, ਜਿਸ ਕਾਰਨ ਮੌਕੇ ’ਤੇ ਹੀ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਨਿਰਮਲ ਸਿੰਘ ਅਤੇ ਬਲਜੀਤ ਸਿੰਘ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਇੱਕ ਦਸ਼ਮੇਸ਼ ਨਗਰ ਕੋਠੇ ਦਾ ਰਹਿਣ ਵਾਲਾ ਸੀ ਜਦਕਿ ਦੂਜਾ ਕੋਟਭਾਈ ਇਲਾਕੇ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਸ ਮੁਕਤਸਰ ਸਾਹਿਬ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਦੇ ਮੱਦੇਨਜ਼ਰ ਅੱਗੇ ਰੈਫਰ ਕਰ ਦਿੱਤਾ ਗਿਆ। ਜਿਨਾਂ ਦੀ ਪਹਿਚਾਣ ਰਾਜਵਿੰਦਰ ਸਿੰਘ, ਦਰਸ਼ਨ ਸਿੰਘ ਜਗਸੀਰ ਸਿੰਘ ਕੋਠੇ ਦਸ਼ਮੇਸ਼ ਨਗਰ ਹੈ ਇਹ ਤਿੰਨੋਂ ਹੀ ਸਕੇ ਭਰਾ ਹਨ ਜਿਨਾਂ ਨੂੰ ਹੁਣ ਫਰੀਦਕੋਟ ਰੈਫਰ ਕੀਤਾ ਗਿਆ ਹੈ।
ਇਸ ਮਾਮਲੇ ਸੰਬੰਧੀ ਗੱਲਬਾਤ ਕਰਦਿਆਂ ਡੀਐਸਪੀ ਅਰੁਣ ਮੁੰਡਲ ਨੇ ਦੱਸਿਆ ਕਿ ਕਰੀਬ 8 ਵਜੇ ਦੇ ਲਗਭਗ ਸੂਚਨਾ ਪ੍ਰਾਪਤ ਹੋਈ ਸੀ ਕਿ ਕੋਠੇ ਦਸ਼ਮੇਸ਼ ਨਗਰ ਵਿੱਚ ਦੋ ਵਿਅਕਤੀਆਂ ਦਾ ਕਤਲ ਹੋਇਆ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਅਗਲੀ ਕਾਰਵਾਈ ਲਈ ਗਿੱਦੜਬਾਹਾ ਸਿਵਲ ਹਸਪਤਾਲ ਵਿੱਚ ਵੀ ਪੁੱਜੀ। ਉਨ੍ਹਾਂ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਖਾਲ ਸੰਬੰਧੀ ਪੁਰਾਣੇ ਰੌਲੇ ਕਾਰਨ ਇਹ ਘਟਨਾ ਵਾਪਰੀ ਹੈ, ਪਰ ਹਾਲੇ ਇਹ ਸਪਸ਼ਟ ਨਹੀਂ ਕਿ ਕਿਹੜੀ ਧਿਰ ਵੱਲੋਂ ਪਹਿਲਾਂ ਗੋਲੀ ਚਲਾਈ ਗਈ ਜਾਂ ਘਟਨਾ ਦਾ ਪੂਰਾ ਕਰਮ ਕੀ ਸੀ। ਪੁਲਿਸ ਵੱਲੋਂ ਹਰੇਕ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਰੇ ਤੱਥ ਇਕੱਠੇ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
