ਕਪੂਰਥਲਾ – ਕਪੂਰਥਲਾ ਦੀ ਗੋਇੰਦਵਾਲ ਸਾਹਿਬ ਰੋਡ ‘ਤੇ ਪਿੰਡ ਨਵਾਂ ਪਿੰਡ ਗੇਟਵਾਲਾ ਨੇੜੇ ਇਕ ਟਰੱਕ ਅਤੇ ਮੋਟਰਸਾਈਕਲ ਵਿਚਕਾਰ ਭਿਆਨਕ ਟੱਕਰ ਹੋਣ ਕਾਰਨ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਦੀ ਪੁਸ਼ਟੀ ਕਰਦੇ ਮੌਕੇ ‘ਤੇ ਪਹੁੰਚੇ ਥਾਣੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਵਾਂ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ।

ਮ੍ਰਿਤਕਾਂ ਦੀ ਪਛਾਣ ਰੁਪੇਸ਼ ਕੁਮਾਰ (16 ਸਾਲ) ਪੁੱਤਰ ਸੀਤਾ ਰਾਮ ਅਤੇ ਨਿਤੀਸ਼ ਕੁਮਾਰ (13 ਸਾਲ) ਪੁੱਤਰ ਅਮਰਜੀਤ ਸਿੰਘ, ਦੋਵੇਂ ਵਾਸੀ ਪਿੰਡ ਭਵਾਨੀਪੁਰ ਵਜੋਂ ਹੋਈ ਹੈ। ਰੂਪੇਸ਼ ਕੁਮਾਰ 10ਵੀਂ ਜਮਾਤ ਵਿਚ ਪੜ੍ਹਦਾ ਸੀ ਅਤੇ ਨਿਤੀਸ਼ ਕੁਮਾਰ 8ਵੀਂ ਜਮਾਤ ਵਿਚ ਪੜ੍ਹਦਾ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਵਾਹਨਾਂ ਦੇ ਪਰਖੱਚੇ ਉੱਡੇ ਗਏ। ਦੱਸਿਆ ਜਾ ਰਿਹਾ ਹੈ ਕਿ ਪਿੰਡ ਭਵਾਨੀਪੁਰ ਦੇ ਦੋ ਵਿਦਿਆਰਥੀ ਰੂਪੇਸ਼ ਕੁਮਾਰ ਅਤੇ ਨਿਤੀਸ਼ ਕੁਮਾਰ ਆਪਣੇ ਗੁਆਂਢੀ ਦੀ ਬਾਈਕ (PB-09-AF-1218) ‘ਤੇ ਕਪੂਰਥਲਾ ਤੋਂ ਪਿੰਡ ਆ ਰਹੇ ਸਨ।

ਇਸ ਦੌਰਾਨ ਜਦੋਂ ਉਹ ਪਿੰਡ ਨਵਾਂਪਿੰਡ ਗੇਟਵਾਲਾ ਨੇੜੇ ਪਹੁੰਚਿਆ ਤਾਂ ਉਸ ਦੀ ਦੂਜੇ ਪਾਸਿਓਂ ਆ ਰਹੇ ਇਕ ਟਰੱਕ (ਟਾਟਾ 1918) (ਪੀਬੀ-06-ਬੀਏ-8244) ਨਾਲ ਜ਼ਬਰਦਸਤ ਟੱਕਰ ਹੋ ਗਈ। ਘਟਨਾ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਜਾਰੀ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਿਵਲ ਹਸਪਤਾਲ ਪਹੁੰਚੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਜਿਸ ਦੇ ਆਧਾਰ ‘ਤੇ ਟਰੱਕ ਡਰਾਈਵਰ ਵਿਰੁੱਧ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ।