ਅਮਰੀਕੀ ਗ੍ਰੀਨ ਕਾਰਡ ਲਈ ਹੁਣ ਦੇਣੀ ਪਵੇਗੀ ਸੋਸ਼ਲ ਮੀਡੀਆ ਹੈਂਡਲ ਦੀ ਜਾਣਕਾਰੀ

ਜਲੰਧਰ : ਅਮਰੀਕਾ ’ਚ ਗ੍ਰੀਨ ਕਾਰਡ ਲਈ ਅਰਜ਼ੀ ਦੇਣ ਵਾਲੇ ਭਾਰਤੀਆਂ ਨੂੰ ਹੁਣ ਆਪਣੇ ਸੋਸ਼ਲ ਮੀਡੀਆ ਹੈਂਡਲਾਂ ਦੇ ਵੇਰਵੇ ਦੇਣੇ ਪੈ ਸਕਦੇ ਹਨ। ਇਕ ਰਿਪੋਰਟ ਅਨੁਸਾਰ ਅਮਰੀਕਾ ਵੱਲੋਂ ਜਾਰੀ ਇਕ ਤਾਜ਼ਾ ਨੋਟੀਫਿਕੇਸ਼ਨ ’ਚ ਯੂ. ਐੱਸ. ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਓਰਿਟੀ (ਡੀ. ਐੱਚ. ਐੱਸ.) ਦਾ ਕਹਿਣਾ ਹੈ ਕਿ ਇਹ ਵੇਰਵੇ ਹਰ ਸਾਲ 35 ਲੱਖ ਤੋਂ ਵੱਧ ਪ੍ਰਵਾਸੀਆਂ ਤੋਂ ਮੰਗੇ ਜਾ ਸਕਦੇ ਹਨ। ਇਨ੍ਹਾਂ ’ਚ ਉਹ ਭਾਰਤੀ ਨਾਗਰਿਕ ਵੀ ਸ਼ਾਮਲ ਹੋਣਗੇ, ਜੋ ਗ੍ਰੀਨ ਕਾਰਡ, ਸਿਟੀਜ਼ਨਸ਼ਿਪ ਅਤੇ ਹੋਰ ਇਮੀਗ੍ਰੇਸ਼ਨ ਲਾਭਾਂ ਲਈ ਅਰਜ਼ੀ ਦਿੰਦੇ ਹਨ।

ਸੁਰੱਖਿਆ ਦੇ ਮੱਦੇਨਜ਼ਰ ਚੁੱਕਿਆ ਕਦਮ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਨਵਰੀ ’ਚ ਅਮਰੀਕਾ ’ਚ ਇਮੀਗ੍ਰੇਸ਼ਨ ਨਾਲ ਸਬੰਧਤ ਨਿਯਮਾਂ ਸੰਬੰਧੀ ਇਕ ਹੁਕਮ ’ਤੇ ਦਸਤਖਤ ਕੀਤੇ ਸਨ, ਜਿਸ ਦੇ ਤਹਿਤ ਡੀ.ਐੱਚ.ਐੱਸ. ਇਮੀਗ੍ਰੇਸ਼ਨ ਸਕ੍ਰੀਨਿੰਗ ਪ੍ਰਕਿਰਿਆ ਨੂੰ ਹੋਰ ਮਜ਼ਬੂਤ ​​ਕਰੇਗਾ। ਇਸ ਨਵੇਂ ਹੁਕਮ ਤਹਿਤ ਅਮਰੀਕੀ ਏਜੰਸੀਆਂ ਨੂੰ ਸੁਰੱਖਿਆ ਜੋਖਮਾਂ ਨੂੰ ਘਟਾਉਣ ਲਈ ਵੀਜ਼ਾ ਅਤੇ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਦੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤਹਿਤ ਯੂ. ਐੱਸ. ਸੀ. ਆਈ. ਐੱਸ. ਹੁਣ ਇਮੀਗ੍ਰੇਸ਼ਨ ਬਿਨੈਕਾਰਾਂ ਤੋਂ 9 ਮੁੱਖ ਫਾਰਮਾਂ ’ਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਹੈਂਡਲ ਬਾਰੇ ਜਾਣਕਾਰੀ ਮੰਗੇਗਾ। ਹਾਲਾਂਕਿ ਪਾਸਵਰਡ ਸਾਂਝਾ ਕਰਨ ਦੀ ਕੋਈ ਲੋੜ ਨਹੀਂ ਪਵੇਗੀ। ਜੇਕਰ ਇਹ ਨਿਯਮ ਲਾਗੂ ਹੁੰਦਾ ਹੈ ਤਾਂ ਭਾਰਤ ਸਮੇਤ ਸਾਰੇ ਦੇਸ਼ਾਂ ਦੇ ਪ੍ਰਵਾਸੀਆਂ ਲਈ ਆਪਣੇ ਸੋਸ਼ਲ ਮੀਡੀਆ ਦੇ ਵੇਰਵੇ ਦੇਣਾ ਲਾਜ਼ਮੀ ਹੋਵੇਗਾ।

ਐੱਚ-1ਬੀ ਉਮੀਦਵਾਰ ਰਹਿਣ ਚੌਕਸ

ਰਿਪੋਰਟ ’ਚ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ ਫਾਰਮ ਭਰਨ ਨਾਲ ਜੁੜੇ ਖਰਚਿਆਂ ਤੋਂ ਇਲਾਵਾ ਬਿਨੈਕਾਰਾਂ ਨੂੰ ਕੋਈ ਵਾਧੂ ਖਰਚਾ ਨਹੀਂ ਦੇਣਾ ਪਵੇਗਾ। ਇਸ ਮਾਮਲੇ ’ਤੇ ਇਕ ਇਮੀਗ੍ਰੇਸ਼ਨ ਮਾਹਰ ਨੇ ਕਿਹਾ ਕਿ ਐੱਚ-1ਬੀ ਕਰਮਚਾਰੀ ਅਮਰੀਕਾ ’ਚ ਦਾਖਲ ਹੋਣ ਵੇਲੇ ਫਾਰਮ ਆਈ-94, ਆਗਮਨ/ਰਵਾਨਗੀ ਰਿਕਾਰਡ ਭਰਦੇ ਹਨ। ਇਸ ਫਾਰਮ ’ਚ ਉਨ੍ਹਾਂ ਦੀ ਐਂਟਰੀ ਮਿਤੀ, ਪੋਰਟ ਆਫ ਐਂਟਰੀ ਅਤੇ ਵੀਜ਼ਾ ਸਥਿਤੀ ਵਰਗੀਆਂ ਚੀਜ਼ਾਂ ਭਰੀਆਂ ਜਾਂਦੀਆਂ ਹਨ। ਪ੍ਰਸਤਾਵਿਤ ਨਿਯਮ ਇਸ ਫਾਰਮ ਨੂੰ ਕਵਰ ਨਹੀਂ ਕਰਦਾ। ਇਸ ਲਈ ਐੱਚ-1ਬੀ ਉਮੀਦਵਾਰਾਂ ਨੂੰ ਵੀ ਚੌਕਸ ਰਹਿਣਾ ਚਾਹੀਦਾ ਹੈ ਕਿਉਂਕਿ ਯੂ. ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਵੱਖ-ਵੱਖ ਇਮੀਗ੍ਰੇਸ਼ਨ ਫਾਰਮਾਂ ’ਤੇ ਸੋਸ਼ਲ ਮੀਡੀਆ ਦੀ ਜਾਣਕਾਰੀ ਸ਼ਾਮਲ ਕਰਨ ਦਾ ਪ੍ਰਸਤਾਵ ਰੱਖ ਰਹੀ ਹੈ।

ਬਿਨੈਕਾਰਾਂ ਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ

ਇਮੀਗ੍ਰੇਸ਼ਨ ਮਾਹਰ ਵਰੁਣ ਸਿੰਘ ਦੇ ਹਵਾਲੇ ਨਾਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਬਾਰੇ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ। ਪੁਰਾਣੀਆਂ ਪੋਸਟਾਂ, ਟਿੱਪਣੀਆਂ ਅਤੇ ਸ਼ੇਅਰ ਕੀਤੀ ਸਮੱਗਰੀ ਦੀ ਸਮੀਖਿਆ ਕਰਨਾ ਯਕੀਨੀ ਬਣਾਓ ਅਤੇ ਅਜਿਹੀ ਕੋਈ ਵੀ ਚੀਜ਼ ਹਟਾ ਦਿਓ, ਜੋ ਵਿਵਾਦਪੂਰਨ ਹੋ ਸਕਦੀ ਹੈ ਜਾਂ ਅਮਰੀਕੀ ਨੀਤੀ ਦੇ ਵਿਰੁੱਧ ਜਾਪਦੀ ਹੈ। ਇਸ ਤੋਂ ਇਲਾਵਾ ਵੀਜ਼ਾ ਅਰਜ਼ੀ ਅਤੇ ਸੋਸ਼ਲ ਮੀਡੀਆ ਪ੍ਰੋਫਾਈਲ ’ਚ ਦਿੱਤੀ ਗਈ ਜਾਣਕਾਰੀ ਇਕ-ਦੂਜੇ ਨਾਲ ਮੇਲ ਖਾਂਦੀ ਹੋਣੀ ਚਾਹੀਦੀ ਹੈ। ਜੇਕਰ ਇਨ੍ਹਾਂ ’ਚ ਕੋਈ ਅੰਤਰ ਪਾਇਆ ਜਾਂਦਾ ਹੈ ਤਾਂ ਸ਼ੱਕ ਦੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਦੇ ਨਾਲ ਆਨਲਾਈਨ ਸਰਗਰਮੀ ਅਤੇ ਸ਼ਮੂਲੀਅਤ ਪ੍ਰਤੀ ਸਾਵਧਾਨ ਰਹਿਣਾ ਵੀ ਜ਼ਰੂਰੀ ਹੈ। ਕਿਸੇ ਵੀ ਰਾਜਨੀਤਕ ਤੌਰ ’ਤੇ ਸੰਵੇਦਨਸ਼ੀਲ ਸਮੂਹ ’ਚ ਸ਼ਾਮਲ ਹੋਣ ਜਾਂ ਵਿਵਾਦਪੂਰਨ ਮੁੱਦਿਆਂ ’ਤੇ ਚਰਚਾ ਕਰਨ ਨਾਲ ਗਲਤਫਹਿਮੀ ਪੈਦਾ ਹੋ ਸਕਦੀ ਹੈ। ਸੋਸ਼ਲ ਮੀਡੀਆ ’ਤੇ ਕੁਝ ਵੀ ਪੋਸਟ ਕਰਨ ਤੋਂ ਪਹਿਲਾਂ ਸਾਵਧਾਨ ਰਹੋ ਕਿਉਂਕਿ ਇਹ ਤੁਹਾਡੀ ਵੀਜ਼ਾ ਅਰਜ਼ੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਪ੍ਰਕਿਰਿਆ ਦੌਰਾਨ ਕਿਸੇ ਵੀ ਸੰਭਾਵੀ ਸਮੱਸਿਆਵਾਂ ਤੋਂ ਬਚਣ ਲਈ ਕਿਸੇ ਇਮੀਗ੍ਰੇਸ਼ਨ ਵਕੀਲ ਨਾਲ ਸਲਾਹ ਕਰਨਾ ਲਾਭਦਾਇਕ ਹੋ ਸਕਦਾ ਹੈ।

By nishuthapar1

Leave a Reply

Your email address will not be published. Required fields are marked *