ਡੇਰਾਬਸੀ ‘ਚ ਲੰਪੀ ਸਕਿਨ ਬਿਮਾਰੀ ਵਿਰੁੱਧ ਟੀਕਾਕਰਨ ਮੁਹਿੰਮ ਸ਼ੁਰੂ

ਡੇਰਾਬਸੀ ‘ਚ ਲੰਪੀ ਸਕਿਨ ਬਿਮਾਰੀ ਵਿਰੁੱਧ ਟੀਕਾਕਰਨ ਮੁਹਿੰਮ ਸ਼ੁਰੂ

ਡੇਰਾਬਸੀ (ਗੁਰਪ੍ਰੀਤ ਸਿੰਘ): ਪੰਜਾਬ ‘ਚ ਪਸ਼ੂਧਨ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪਸ਼ੂ ਪਾਲਣ ਵਿਭਾਗ ਨੇ ਲੰਪੀ ਸਕਿਨ ਬਿਮਾਰੀ ਵਿਰੁੱਧ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਡਾ. ਜੀ.ਐਸ. ਬੇਦੀ, ਨਿਰਦੇਸ਼ਕ, ਪਸ਼ੂ ਪਾਲਣ ਵਿਭਾਗ, ਪੰਜਾਬ ਦੇ ਹੁਕਮਾਂ ਅਨੁਸਾਰ ਅਤੇ ਡਿਪਟੀ ਡਾਇਰੈਕਟਰ ਡਾ. ਐਸ.ਕੇ. ਗੁਪਤਾ ਦੀ ਅਗਵਾਈ ‘ਚ ਫਰਵਰੀ ਮਹੀਨੇ ‘ਚ ਤਹਿਸੀਲ ਡੇਰਾਬਸੀ ਦੇ 15 ਹਜ਼ਾਰ ਗੋਵੰਸ਼ ਨੂੰ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ। ਇਹ ਮੁਹਿੰਮ 15 ਫਰਵਰੀ 2025 ਤੋਂ ਸ਼ੁਰੂ ਹੋਈ ਹੈ।

ਵਰ੍ਹਾ 2022 ‘ਚ ਪੰਜਾਬ ‘ਚ ਲੰਪੀ ਸਕਿਨ ਬਿਮਾਰੀ ਨੇ ਮਹਾਂਮਾਰੀ ਦਾ ਰੂਪ ਧਾਰ ਲਿਆ ਸੀ, ਜਿਸ ਕਾਰਨ ਵੱਡੀ ਗਿਣਤੀ ‘ਚ ਗਾਵਾਂ ਪ੍ਰਭਾਵਿਤ ਹੋਈਆਂ। ਇਸਦੇ ਨਿਜਾਤ ਲਈ ਪੰਜਾਬ ਸਰਕਾਰ ਨੇ ਮੁਫ਼ਤ ਗੋਟਪਾਕਸ ਵੈਕਸੀਨ ਪ੍ਰਦਾਨ ਕੀਤੀ ਸੀ। ਪੰਜਾਬ ਸਰਕਾਰ ਪਸ਼ੂਧਨ ਦੀ ਸੁਰੱਖਿਆ ਅਤੇ ਨਸਲ ਸੁਧਾਰ ਵਲ ਕਈ ਮਹੱਤਵਪੂਰਨ ਕਦਮ ਚੁੱਕ ਰਹੀ ਹੈ।

ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਪਸ਼ੂ ਚਿਕਿਤਸਾ ਅਧਿਕਾਰੀ, ਡੇਰਾਬਸੀ, ਡਾ. ਭੂਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਲਾਕੇ ਦੀ ਹਰ ਗਾਂ ਨੂੰ ਇਹ ਟੀਕਾ ਮੁਫ਼ਤ ਲਗਾਇਆ ਜਾਵੇਗਾ। ਇਸ ‘ਚ ਪਾਲਤੂ, ਗੌਸ਼ਾਲਾਵਾਂ ਦੀਆਂ ਅਤੇ ਬੇਸਹਾਰਾ ਗਾਵਾਂ ਸ਼ਾਮਲ ਹਨ। ਪਸ਼ੂ ਪਾਲਣ ਵਿਭਾਗ ਦੀ ਟੀਮ ਘਰ-ਘਰ ਜਾ ਕੇ ਟੀਕਾਕਰਨ ਕਰੇਗੀ, ਤਾਂ ਕਿ ਕੋਈ ਵੀ ਗਾਂ ਬਗੈਰ ਟੀਕਾਕਰਨ ਨਾ ਰਹਿ ਜਾਵੇ। ਇਸ ਵਾਰ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਜੈਨ ਮੁਨੀ ਜਗਦੀਸ਼ ਕਾਮਧੇਨੂ ਗੌਸ਼ਾਲਾ, ਡੇਰਾਬਸੀ ਤੋਂ ਹੋਈ ਹੈ।

ਗੌਪਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮੁਹਿੰਮ ‘ਚ ਪਸ਼ੂ ਪਾਲਣ ਵਿਭਾਗ ਦਾ ਸਹਿਯੋਗ ਕਰਨ, ਤਾਂ ਜੋ ਡੇਰਾਬਸੀ ਤਹਿਸੀਲ ‘ਚ ਪਸ਼ੂਧਨ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਪਸ਼ੂਪਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਸਮੇਂ ਤੇ ਟੀਕਾ ਲਗਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਲੰਪੀ ਸਕਿਨ ਬਿਮਾਰੀ ਤੋਂ ਬਚਾਅ ਕੀਤਾ ਜਾ ਸਕੇ। ਇਹ ਮੁਹਿੰਮ ਪੰਜਾਬ ਸਰਕਾਰ ਦੀਆਂ ਪਸ਼ੂ ਭਲਾਈ ਯੋਜਨਾਵਾਂ ਦੇ ਤਹਿਤ ਚਲਾਈ ਜਾ ਰਹੀ ਹੈ ਅਤੇ ਇਸਦੇ ਕਾਮਯਾਬੀ ਲਈ ਵਿਭਾਗ ਪੂਰੀ ਤਰ੍ਹਾਂ ਵਚਨਬੱਧ ਹੈ।

By Gurpreet Singh

Leave a Reply

Your email address will not be published. Required fields are marked *