ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਪੁਲਸ ਦੀ ਗੱਡੀ ਵਾਲੀ ਵੀਡੀਓ ਨੇ ਮਚਾਇਆ ਤਹਿਲਕਾ

ਬਲਾਚੌਰ : ਪੁਲਸ ਉਪ ਮੰਡਲ ਦਫਤਰ ਬਲਾਚੌਰ ਅਧੀਨ ਆਉਂਦੇ ਇਕ ਥਾਣੇ ਦੇ ਐੱਸ. ਐੱਚ. ਓ. ਦੀ ਇਕ ਕਥਿਤ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਸਾਫ ਤੌਰ ‘ਤੇ ਦੇਖਿਆ ਤੇ ਸੁਣਿਆ ਜਾ ਸਕਦਾ ਹੈ ਕਿ ਇਕ ਪੁਲਸ ਥਾਣੇ ਦਾ ਐੱਸ. ਐੱਚ. ਓ ਜਿਸ ਦਾ ਨਾਮ ਵੀ ਲਿਆ ਜਾ ਰਿਹਾ ਹੈ, ਤੇਜ਼ੀ ਨਾਲ ਗੱਡੀ ਭਜਾ ਕੇ ਲਿਜਾ ਰਿਹਾ ਹੈ। ਵੀਡੀਓ ਵਿਚ ਕੋਈ ਵਿਅਕਤੀ ਆਖ ਰਿਹਾ ਹੈ ਕਿ ਉਕਤ ਐੱਸ. ਐੱਚ. ਓ. ਚਿੱਟਾ ਵਿਕਾ ਰਿਹਾ ਹੈ। ਇਸ ਵੀਡੀਓ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਪੁਲਸ ਦੀ ਗੱਡੀ ਜਿਸ ਵਿਚ ਇਕ ਵਿਅਕਤੀ ਬੈਠਾ ਹੈ ਤਾਂ ਇਕ ਵਿਅਕਤੀ ਗੱਡੀ ਦੀ ਚਾਬੀ ਕੱਢਣ ਦੀ ਕੋਸ਼ਿਸ਼ ਕਰਦਾ ਹੈ ਅਤੇ ਰੌਲਾ ਪਾਉਂਦਾ ਹੈ ਕਿ ਮੈਂ ਤੁਹਾਨੂੰ ਭੱਜਣ ਨਹੀਂ ਦੇਣਾ ਫਿਰ ਗੱਡੀ ਦੀ ਅਗਲੀ ਸੀਟ ਰਾਹੀਂ ਇਕ ਵਿਅਕਤੀ ਭੱਜ ਕੇ ਗੱਡੀ ਵਿਚ ਚੜ੍ਹ ਜਾਂਦਾ ਹੈ ਅਤੇ ਗੱਡੀ ਭਜਾ ਲਈ ਜਾਂਦੀ ਹੈ। 

ਕੀ ਕਹਿੰਦੇ ਹਨ ਥਾਣਾ ਮੁਖੀ

ਇਸ ਬਾਰੇ ਜਦੋਂ ਥਾਣਾ ਮੁਖੀ ਰਣਜੀਤ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਨਸ਼ਾ ਤਸਕਰਾਂ ਖ਼ਿਲਾਫ ਮੁਹਿੰਮ ਦੌਰਾਨ ਪਿੰਡ ਮਾਣੇਵਾਲ ਵਿਖੇ ਗਏ ਸਨ ਪਰ ਤਸਕਰਾਂ ਨੇ ਪੁਲਸ ਪਾਰਟੀ ਨਾਲ ਮਾੜਾ ਵਿਵਹਾਰ ਕੀਤਾ। ਉਸ ਸਮੇਂ ਘੱਟ ਫੋਰਸ ਹੋਣ ਕਰਕੇ ਉਨ੍ਹਾਂ ਨੇ ਮੌਕਾ ਵਿਚਾਰਿਆ ਅਤੇ ਉਥੋਂ ਆ ਗਏ। ਫਿਰ ਭਾਰੀ ਫੋਰਸ ਲੈ ਕੇ ਉੱਚ ਅਧਿਕਾਰੀਆਂ ਨਾਲ ਪਿੰਡ ਮਾਣੇਵਾਲ ਪਹੁੰਚੇ ਉਦੋਂ ਤਕ ਕਥਿਤ ਦੋਸ਼ੀ ਫਰਾਰ ਹੋ ਗਏ ਸਨ। ਐੱਸ. ਐੱਚ. ਓ. ਰਣਜੀਤ ਸਿੰਘ ਦੇ ਦੱਸਣ ਅਨੁਸਾਰ ਥਾਣਾ ਕਾਠਗੜ੍ਹ ਵਿਖੇ ਬੀਤੇ ਦਿਨੀਂ ਐੱਫ. ਆਈ. ਆਰ 43 ਨੰਬਰ ਦਰਜ ਕਰ ਲਈ ਗਈ ਹੈ ਅਤੇ ਨਸ਼ਾ ਤਸਕਰਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ।

ਪੁਲਸ ਨੇ ਫੜੇ ਸੀ ਤਸਕਰ

ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਪੁਲਸ ਨੇ ਨਸ਼ਾ ਤਸਕਰ ਫੜ ਲਏ ਸਨ ਅਤੇ ਗੱਡੀ ਵਿਚ ਵੀ ਬਿਠਾ ਲਏ ਸਨ ਪਰ ਕਥਿਤ ਦੋਸ਼ੀਆਂ ਨੇ ਪੁਲਸ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਕਿਸੇ ਵੱਡੇ ਵਿਅਕਤੀ ਦੀ ਇਸ ਮਾਮਲੇ ਵਿਚ ਦਖ਼ਲਅੰਦਾਜ਼ੀ ਨਾਲ ਉਕਤ ਮਾਮਲਾ ਠੰਡੇ ਬਸਤੇ ਵਿਚ ਪਾ ਦਿੱਤਾ ਸੀ ਪਰ ਪੁਲਸ ਵਾਲਿਆਂ ਦੀ ਮੌਕੇ ਤੋਂ ਭੱਜਦਿਆਂ ਦੀ ਵੀਡੀਓ ਵਾਇਰਲ ਹੋਣ ਨਾਲ 19 ਅਪ੍ਰੈਲ ਦੇ ਮਾਮਲੇ ਦੀ ਐੱਫ. ਆਈ. ਆਰ. ਪੁਲਸ 21 ਅਪ੍ਰੈਲ ਨੂੰ ਦਰਜ ਕਰਦੀ ਹੈ ਜੋ ਕਿ ਪੁਲਸ ਦੀ ਕਾਰਵਾਈ ਉਤੇ ਕਈ ਸਵਾਲ ਖੜੇ ਕਰਦੀ ਹੈ। 

By Gurpreet Singh

Leave a Reply

Your email address will not be published. Required fields are marked *