ਨੈਸ਼ਨਲ ਟਾਈਮਜ਼ ਬਿਊਰੋ :- ਹਿਮਾਚਲ ਅਤੇ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਮੋਹਲੇਧਾਰ ਵਰਖਾ ਨੇ ਸਤਲੁਜ ਅਤੇ ਬਿਆਸ ਦਰਿਆ ਦੇ ਪਾਣੀ ਪੱਧਰ ਨੂੰ ਵਧਾ ਦਿੱਤਾ ਹੈ। ਦੋਹਾਂ ਦਰਿਆਵਾਂ ਦਾ ਮਿਲਾਪ ਹਰਿਕੇ ਹੈੱਡ ‘ਤੇ ਹੁੰਦਾ ਹੈ, ਜਿਥੋਂ ਪਾਣੀ ਹੁਸੈਨੀਵਾਲਾ ਹੈੱਡ ਰਾਹੀਂ ਡਾਊਨਸਟਰੀਮ ਵੱਜੋਂ ਪਾਕਿਸਤਾਨ ਭੇਜਿਆ ਜਾਂਦਾ ਸੀ। ਪਰ, ਇਸ ਵਾਰੀ ਪਾਕਿਸਤਾਨ ਵੱਲ ਇੱਕ ਬੂੰਦ ਵੀ ਪਾਣੀ ਨਹੀਂ ਛੱਡਿਆ ਗਿਆ ਅਤੇ ਹੁਸੈਨੀਵਾਲਾ ਦੇ ਸਾਰੇ ਗੇਟ ਬੰਦ ਰੱਖੇ ਗਏ ਹਨ।
ਇਸ ਕਾਰਨ ਸਤਲੁਜ ਦਰਿਆ ‘ਚ ਕਲਾਲੀ ਬੂਟੀ ਕਈ ਕਿਲੋਮੀਟਰ ਤਕ ਫੈਲ ਗਈ ਹੈ, ਜੋ ਦਰਿਆ ਦੇ ਨੇੜਲੇ ਪਿੰਡਾਂ ਲਈ ਵੱਡੀ ਮੁਸ਼ਕਲ ਬਣੀ ਹੋਈ ਹੈ। ਖਾਸ ਕਰਕੇ ਕਾਲੂ ਵਾਲਾ ਪਿੰਡ, ਜੋ ਕਿ ਤਿੰਨ ਪਾਸਿਆਂ ਤੋਂ ਦਰਿਆ ਨਾਲ ਘਿਰਿਆ ਹੋਇਆ ਹੈ ਅਤੇ ਚੌਥੀ ਪਾਸੇ ਪਾਕਿਸਤਾਨ ਦੀ ਹੱਦ ਲੱਗਦੀ ਹੈ, ਉੱਥੇ ਲੋਕ ਆਪਣੀ ਹੀ ਧਰਤੀ ‘ਤੇ ਆਉਣ-ਜਾਣ ਲਈ ਕਿਸ਼ਤੀ ਦਾ ਸਹਾਰਾ ਲੈਣ ਨੂੰ ਮਜਬੂਰ ਹਨ।
ਬੂਟੀ ਅਤੇ ਪਾਣੀ ਦੇ ਵਧਣ ਕਾਰਨ ਇਲਾਕੇ ਦੇ ਸਕੂਲ ਦੇ ਬੱਚਿਆਂ, ਕੰਮਕਾਜ ਵਾਲਿਆਂ ਅਤੇ ਮਰੀਜ਼ਾਂ ਨੂੰ ਦੂਜੇ ਪਾਸੇ ਜਾਣ ਵਿਚ ਮੁਸ਼ਕਲ ਆ ਰਹੀ ਹੈ। ਪਹਿਲਾਂ ਇੱਥੇ ਬੀ.ਐਸ.ਐਫ. ਵੱਲੋਂ ਆਸਥਾਈ ਪੁਲ ਬਣਾਇਆ ਜਾਂਦਾ ਸੀ, ਪਰ ਪਾਣੀ ਵੱਧਣ ਅਤੇ ਭਾਅ ਦੇ ਕਾਰਨ ਉਹ ਵੀ ਹਟਾ ਲਿਆ ਗਿਆ ਹੈ।
ਜ਼ਿਲ੍ਹਾ ਪ੍ਰਸ਼ਾਸਨ ਦੇ ਐਸ.ਡੀ.ਐਮ. ਗੁਰਮੀਤ ਸਿੰਘ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੌਕੇ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਕਲਾਲੀ ਬੂਟੀ ਅਤੇ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਕਾਲੂ ਵਾਲਾ ਪਿੰਡ ਦੇ ਲੋਕਾਂ ਦੀ ਜ਼ਿੰਦਗੀ ਸੰਕਟ ਵਿੱਚ ਹੈ ਅਤੇ ਉਨ੍ਹਾਂ ਦੀ ਤੁਰੰਤ ਮਦਦ ਕਰਨੀ ਲਾਜ਼ਮੀ ਬਣ ਗਈ ਹੈ।
