328 ਪਾਵਨ ਸਰੂਪਾਂ ਦੇ ਇਨਸਾਫ਼ ਲਈ 7 ਸਤੰਬਰ ਨੂੰ ਕਰਾਂਗੇ ਭਾਰੀ ਇਕੱਠ : ਡੱਲੇਵਾਲ

ਨੈਸ਼ਨਲ ਟਾਈਮਜ਼ ਬਿਊਰੋ :- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਹੋਏ ਪਾਵਨ ਸਰੂਪਾਂ ਦੇ ਇਨਸਾਫ਼ ਲਈ ਪਿਛਲੇ ਪੰਜ ਸਾਲ ਤੋਂ ਹੈਰੀਟੇਜ ਸਟਰੀਟ ਵਿਖੇ ਭਾਈ ਵਡਾਲਾ ਵੱਲੋਂ ਦਿੱਤੇ ਜਾ ਰਹੇ ਪੰਥਕ ਹੋਕੇ ਨੂੰ ਸਮਰਥਨ ਦੇਣ ਪੁੱਜੇ ਕਿਸਾਨ ਮੋਰਚੇ ਦੇ ਆਗੂ ਭਾਈ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬਉੱਚਤਾ ਨੂੰ ਮੁੱਖ ਰੱਖ ਕੇ ਜੋ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਫੌਜੀ ਮੁਕੱਦਮੇ ਦਰਜ ਕਰਵਾਉਣ ਦੀ ਗੱਲ ਆਖੀ ਸੀ, ਉਹ ਮੰਗ ਭਾਈ ਬਲਦੇਵ ਸਿੰਘ ਵਡਾਲਾ ਤੇ ਸਾਥੀ ਲਗਾਤਾਰ ਕਰਦੇ ਆ ਰਹੇ ਹਨ, ਜਿਸ ਵਿੱਚ ਸਰਕਾਰ ਨੇ ਪੂਰੀ ਤਰ੍ਹਾਂ ਅਣਗਹਿਲੀ ਕੀਤੀ ਹੈ ਅਤੇ ਦੋਸ਼ੀਆਂ ਖਿਲਾਫ ਅਜੇ ਤੱਕ ਕੋਈ ਕਾਰਵਾਈ ਕਰਨੀ ਜ਼ਰੂਰੀ ਨਹੀਂ ਸਮਝੀ ਹੈ।

ਡੱਲੇਵਾਲ ਨੇ ਅੱਗੇ ਕਿਹਾ ਕਿ ਜਿਸ ਦੀ ਕਾਰਵਾਈ ਲਈ ਸਰਕਾਰ ਨੂੰ 15 ਦਿਨਾਂ ਦਾ ਸਮਾਂ ਦਿੱਤਾ ਸੀ, ਕੋਈ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ 7 ਸਤੰਬਰ ਨੂੰ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਹੈ ਅਤੇ ਇਸ ਵਾਸਤੇ ਗੁਰ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਤੋਂ ਸਹਿਯੋਗ ਮੰਗਿਆ ਹੈ। ਇੱਥੇ ਬੋਲਦਿਆਂ ਭਾਈ ਵਡਾਲਾ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ਸਰੂਪਾਂ ਬਾਰੇ ਅਜੇ ਤੱਕ ਕੋਈ ਵੀ ਸੁਰਾਗ ਨਹੀਂ ਮਿਲਿਆ ਅਤੇ ਇਸ ‘ਤੇ ਕਾਰਵਾਈ ਕਰਨ ਲਈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ। ਇਸ ਮੌਕੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ, ਸੁਖਦੇਵ ਸਿੰਘ ਭੋਜਰਾਜ, ਸਤਨਾਮ ਸਿੰਘ ਬਾਗੜੀਆਂ, ਅਮਰਜੀਤ ਸਿੰਘ ਰੜਾ, ਮਨਪ੍ਰੀਤ ਸਿੰਘ ਬਾਠ, ਰਘਬੀਰ ਸਿੰਘ ਭੰਗਾਲਾ, ਸ਼ੇਰਾ ਅਠਵਾਲ ਅਤੇ ਐਡਵੋਕੇਟ ਅਰੁਣ ਸ਼ਰਮਾ ਹਾਈਕੋਰਟ, ਐਡਵੋਕੇਟ ਕਮਲਦੀਪ ਕੌਰ ਹਾਈਕੋਰਟ, ਭਾਈ ਪਰਮਜੀਤ ਸਿੰਘ, ਭਾਈ ਕੁਲਦੀਪ ਸਿੰਘ, ਭਾਈ ਗੁਰਵਤਨ ਸਿੰਘ ਤੋਂ ਇਲਾਵਾ ਹੋਰ ਵੀ ਕਿਸਾਨ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।

By Gurpreet Singh

Leave a Reply

Your email address will not be published. Required fields are marked *